ਪ੍ਰੋ. ਗੁਰਮੁਖ ਸਿੰਘ ਦੀ 128ਵੀਂ ਬਰਸੀ ਮੌਕੇ ਸਿੰਘ ਸਭਾ ਲਹਿਰ ਦੀ ਵਿਰਾਸਤ ਨੂੰ ਕੀਤਾ ਯਾਦ
ਸਿੱਖ ਸਮਾਜ ਨੂੰ ਵਿੱਦਿਆ, ਵਿਚਾਰ ਅਤੇ ਬੌਧਿਕ ਚੇਤਨਾ ਨਾਲ ਜੋੜਨ ਦਾ ਸੱਦਾ
ਹਰਦਮ ਮਾਨ
ਸਰੀ 29 ਸਤੰਬਰ 2026-ਸਿੰਘ ਸਭਾ ਲਹਿਰ ਦੇ ਮੋਢੀ ਆਗੂ, ਉੱਘੇ ਵਿਦਵਾਨ ਅਤੇ ਸਿੱਖ ਚਿੰਤਕ ਪ੍ਰੋ. ਗੁਰਮੁਖ ਸਿੰਘ ਦੀ 128ਵੀਂ ਬਰਸੀ ਨੂੰ ਸਮਰਪਿਤ ਇੱਕ ਵਿਸ਼ਾਲ ਯਾਦਗਾਰੀ ਸਮਾਗਮ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵੱਲੋਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ, ਸਰੀ ਵਿਖੇ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ ਸਿੰਘ ਸਭਾ ਲਹਿਰ ਨਾਲ ਜੁੜੇ ਮਹਾਨ ਵਿਦਵਾਨਾਂ ਦੀ ਵਿਚਾਰਧਾਰਾ, ਸਿੱਖਿਆ ਅਤੇ ਸਮਾਜਿਕ ਚੇਤਨਾ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਨੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਦੇ ਉਦੇਸ਼ਾਂ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿੰਘ ਸਭਾ ਲਹਿਰ ਨਾਲ ਜੁੜੇ ਅਨੇਕਾਂ ਯੋਧਿਆਂ ਅਤੇ ਵਿਦਵਾਨਾਂ ਦੀ ਸੋਚ ਸਮੇਂ ਦੇ ਗੁਜ਼ਰਨ ਨਾਲ ਅਣਗੌਲੀ ਰਹੀ ਹੈ, ਜਦਕਿ ਉਨ੍ਹਾਂ ਦੇ ਸੁਪਨਿਆਂ ਅਤੇ ਸਿੱਖੀ ਪ੍ਰਤੀ ਤੜਪ ਨੂੰ ਸਮਝਦਿਆਂ ਅੱਜ ਸਿੰਘ ਸਭਾ ਲਹਿਰ ਦੀ ਵਿਚਾਰਧਾਰਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ਹੈ।
ਵਿਦਵਾਨ ਲੇਖਕ ਅਤੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਨੇ ਪ੍ਰੋ. ਗੁਰਮੁਖ ਸਿੰਘ ਦੀ ਇਤਿਹਾਸਕ ਦੇਣ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਸਿੰਘ ਸਭਾ ਸੰਸਥਾ ਦੀ ਮਜ਼ਬੂਤੀ, ਪੰਜਾਬੀ ਪ੍ਰੈੱਸ ਦੇ ਵਿਕਾਸ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਰਗੀਆਂ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਵਿੱਚ ਪ੍ਰੋ. ਗੁਰਮੁਖ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ। ਉਨ੍ਹਾਂ ਕਿਹਾ ਕਿ ਵਿਰੋਧ ਅਤੇ ਅਖੌਤੀ ਧਾਰਮਿਕ ਫੁਰਮਾਨਾਂ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਵਿਚਾਰਧਾਰਕ ਯਾਤਰਾ ਨੂੰ ਜਾਰੀ ਰੱਖਿਆ।
ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੋ. ਗੁਰਮੁਖ ਸਿੰਘ ਨੇ ਗਿਆਨੀ ਦਿੱਤ ਸਿੰਘ ਅਤੇ ਹੋਰ ਸੂਝਵਾਨ ਸਾਥੀਆਂ ਨਾਲ ਮਿਲ ਕੇ ਪੰਜਾਬੀ ਪੱਤਰਕਾਰੀ ਦੇ ਵਿਕਾਸ ਲਈ ਅਹਿਮ ਉਪਰਾਲੇ ਕੀਤੇ। ਖਾਲਸਾ ਪ੍ਰੈੱਸ ਦੀ ਸਥਾਪਨਾ ਅਤੇ ‘ਗੁਰਮੁਖੀ ਅਖ਼ਬਾਰ’, ‘ਖਾਲਸਾ ਅਖ਼ਬਾਰ’, ‘ਸੁਧਾਰਕ’ ਅਤੇ ‘ਵਿਦਿਆਰਥਕ’ ਵਰਗੇ ਪ੍ਰਕਾਸ਼ਨਾਂ ਰਾਹੀਂ ਪੰਜਾਬੀ ਭਾਸ਼ਾ ਅਤੇ ਪੱਤਰਕਾਰੀ ਨੂੰ ਨਵੀਂ ਦਿਸ਼ਾ ਮਿਲੀ। ਉਨ੍ਹਾਂ ਕਿਹਾ ਕਿ ਪ੍ਰੋ. ਗੁਰਮੁਖ ਸਿੰਘ ਦੀ ਵਿਰਾਸਤ ਅੱਜ ਵੀ ਸਿੱਖ ਸਮਾਜ ਨੂੰ ਬੌਧਿਕ ਤੌਰ ’ਤੇ ਚੇਤੰਨ ਹੋਣ ਅਤੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਚੁਣੌਤੀਆਂ ਨੂੰ ਵਿਚਾਰ ਅਤੇ ਗਿਆਨ ਦੇ ਆਧਾਰ ’ਤੇ ਸਮਝਣ ਦੀ ਪ੍ਰੇਰਣਾ ਦਿੰਦੀ ਹੈ।
ਉੱਘੇ ਪੱਤਰਕਾਰ ਜੋਗਿੰਦਰ ਸਿੰਘ ਨੇ ਪ੍ਰੋ. ਗੁਰਮੁਖ ਸਿੰਘ ਵੱਲੋਂ ਪੰਜਾਬੀ ਪੱਤਰਕਾਰੀ ਦੇ ਆਰੰਭ ਅਤੇ ਇਸ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਇਤਿਹਾਸਕ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬੀ ਪੱਤਰਕਾਰੀ ਦੀਆਂ ਮੁੱਢਲੀਆਂ ਨੀਂਹਾਂ ਰੱਖਣ ਵਾਲੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ।
ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਅਤੇ ਸਿੱਖ ਚਿੰਤਕ ਗਿਆਨੀ ਮਹਿੰਦਰ ਸਿੰਘ ‘ਮਹਿਸਮਪੁਰ’ ਨੇ ਪ੍ਰੋ. ਗੁਰਮੁਖ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਦਿਅਕ ਕੇਂਦਰ ਮਸਤੂਆਣਾ ਦੇ ਸੰਤ ਅਤਰ ਸਿੰਘ ਜੀ ਅਤੇ ਪ੍ਰੋ. ਸੰਤ ਤੇਜਾ ਸਿੰਘ ਵੱਲੋਂ ਸਿੱਖ ਸਮਾਜ ਨੂੰ ਵਿੱਦਿਆ ਨਾਲ ਜੋੜਨ ਲਈ ਕੀਤੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਅਜਿਹੀਆਂ ਪ੍ਰੇਰਨਾਦਾਇਕ ਸ਼ਖ਼ਸੀਅਤਾਂ ਦੀ ਸੋਚ ਨੂੰ ਯਾਦ ਕਰਨਾ ਹੀ ਨਹੀਂ, ਸਗੋਂ ਉਸ ਨੂੰ ਅਮਲ ਵਿੱਚ ਲਿਆਉਣਾ ਵੀ ਜ਼ਰੂਰੀ ਹੈ।
- Download Babushahi App
-
-