ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ
---ਵਾਰਦਾਤਾਂ ’ਚ ਵਰਤੀ ਗੱਡੀ ਤੇ ਪੁਲਿਸ ਵਰਦੀਆਂ ਬਰਾਮਦ, ਪੰਜਵੇਂ ਸਾਥੀ ਦੀ ਭਾਲ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ, 13 ਨਵੰਬਰ 2026a
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਅਪਰਾਧ ਵਿਰੋਧੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਾਈਮ ਬ੍ਰਾਂਚ ਨੇ ਪੁਲਿਸ ਮੁਲਾਜ਼ਮ ਬਣ ਕੇ ਆਮ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਕਾਰਵਾਈ ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਪਾਲ ਸਿੰਘ, ਪੀ.ਪੀ.ਐੱਸ., ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਰੁਪਿੰਦਰ ਕੌਰ ਭੱਟੀ, ਪੀ.ਪੀ.ਐੱਸ., ਏ.ਸੀ.ਪੀ. ਡਿਟੈਕਟਿਵ-1 ਹਰਸ਼ਪ੍ਰੀਤ ਸਿੰਘ, ਪੀ.ਪੀ.ਐੱਸ. ਤੇ ਏ.ਸੀ.ਪੀ. ਡਿਟੈਕਟਿਵ-2 ਦੀਪ ਕਰਨ ਸਿੰਘ, ਪੀ.ਪੀ.ਐੱਸ. ਦੀ ਨਿਗਰਾਨੀ ਹੇਠ ਹੋਈ। ਕਾਰਵਾਈ ਨੂੰ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਕਰਾਈਮ ਬ੍ਰਾਂਚ ਤੇ ਉਨ੍ਹਾਂ ਦੀ ਟੀਮ ਨੇ ਅੰਜਾਮ ਦਿੱਤਾ।
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗਿਰੋਹ ਦੇ ਮੈਂਬਰ ਫੋਕਲ ਪੁਆਇੰਟ, ਢੰਡਾਰੀ, ਚੰਡੀਗੜ੍ਹ ਰੋਡ, ਗਿਆਸਪੁਰਾ ਅਤੇ ਸ਼ੇਰਪੁਰਾ ਇਲਾਕਿਆਂ ’ਚ ਰਾਹਗੀਰਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ।
ਮੁਲਜ਼ਮ ਅੰਸ਼ਕ ਤੌਰ ’ਤੇ ਪੁਲਿਸ ਦੀ ਵਰਦੀ ਪਾ ਕੇ ਚਿੱਟੇ ਰੰਗ ਦੀ ਮਾਰੂਤੀ ਵਿਟਾਰਾ ਬ੍ਰੀਜ਼ਾ ਕਾਰ ਨੰਬਰ PB 78 6900 ’ਚ ਸਵਾਰ ਹੋ ਕੇ ਸੁੰਨਸਾਨ ਥਾਵਾਂ ’ਤੇ ਨਕਲੀ ਨਾਕਾਬੰਦੀ ਲਗਾਉਂਦੇ ਸਨ। ਫਿਰ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਰੋਕਦੇ ਅਤੇ ਝੂਠੇ ਅਪਰਾਧਿਕ ਮਾਮਲਿਆਂ ’ਚ ਫਸਾਉਣ ਦਾ ਡਰਾਵਾ ਦੇ ਕੇ ਮੋਟੀਆਂ ਰਕਮਾਂ ਵਸੂਲਦੇ ਸਨ। ਇੱਕ ਮੀਟ ਦੀ ਦੁਕਾਨ ਦੇ ਮਾਲਕ ਤੋਂ ਵੀ ਪੈਸੇ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਅਨੁਸਾਰ ਮੁਲਜ਼ਮ ਬੇਹੱਦ ਸ਼ਾਤਰ ਸਨ ਅਤੇ ਫੜੇ ਜਾਣ ਤੋਂ ਬਚਣ ਲਈ ਲਗਾਤਾਰ ਟਿਕਾਣੇ ਬਦਲਦੇ ਰਹਿੰਦੇ ਸਨ। ਕਰਾਈਮ ਬ੍ਰਾਂਚ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਸੀ। ਬੀਤੇ ਦਿਨ ਮੁਖ਼ਬਰੀ ਦੇ ਆਧਾਰ ’ਤੇ ਜਾਲ ਵਿਛਾ ਕੇ ਉਨ੍ਹਾਂ ਨੂੰ ਉਸ ਸਮੇਂ ਕਾਬੂ ਕਰ ਲਿਆ ਗਿਆ, ਜਦੋਂ ਉਹ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਸਬੰਧੀ ਮੁਕੱਦਮਾ ਨੰਬਰ 256 ਮਿਤੀ 12-11-2026, ਧਾਰਾ 204, 205, 318(4), 308, 351 ਅਤੇ 61(2) ਬੀ.ਐੱਨ.ਐੱਸ. 2023 ਤਹਿਤ ਥਾਣਾ ਫੋਕਲ ਪੁਆਇੰਟ, ਲੁਧਿਆਣਾ ਵਿਖੇ ਕੁੱਲ 5 ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਵੱਲੋਂ ਪਹਿਲਾਂ ਕੀਤੀਆਂ ਵਾਰਦਾਤਾਂ ਦਾ ਪਤਾ ਲਗਾਇਆ ਜਾ ਸਕੇ, ਵਸੂਲੀ ਗਈ ਰਕਮ ਬਰਾਮਦ ਕੀਤੀ ਜਾ ਸਕੇ ਅਤੇ ਗਿਰੋਹ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।
- Download Babushahi App
-
-