ਪਲਸ ਪੋਲੀਓ ਮੁਹਿੰਮ ਦਾ ਸੰਤ ਸੀਚੇਵਾਲ ਨੇ ਕੀਤਾ ਆਗਾਜ਼, ਨੰਨੇ ਬੱਚਿਆਂ ਨੂੰ ਪਿਲਾਈਆਂ ਜੀਵਨ ਰੱਖਿਅਕ ਬੂੰਦਾਂ
*ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸਿਹਤ ਵੱਡੀ ਤਰਜੀਹ ਹੋਣੀ ਚਾਹੀਦੀ ਹੈ : ਸੰਤ ਸੀਚੇਵਾਲ*
*15 ਬੂਥਾਂ 'ਤੇ ਕਰੀਬ 1100 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਬੂੰਦਾਂ*
*28 ਤੋਂ 30 ਜੂਨ ਤੱਕ ਚੱਲੇਗੀ ਮੁਹਿੰਮ : ਡਾ. ਅਸ਼ੀਸ਼ ਜੇਤਲੀ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 28 ਜੂਨ 2026- ਦੇਸ਼-ਵਿਆਪੀ ਪਲਸ ਪੋਲੀਓ ਮੁਹਿੰਮ ਦੌਰਾਨ ਅੱਜ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵੱਲੋਂ ਲਾਏ ਗਏ ਕੈਂਪ ਦੀ ਸ਼ੁਰੂਆਤ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤੀ। ਇਹ ਕੈਂਪ ਤਲਵੰਡੀ ਚੌਧਰੀਆਂ ਪੁਲ ਨੇੜੇ ਲਾਇਆ ਗਿਆ ਸੀ। ਸੁਲਤਾਨਪੁਰ ਲੋਧੀ ਕਸਬੇ ਵਿੱਚ ਕੁੱਲ 15 ਬੂਥ ਕੈਂਪ ਅਤੇ ਤਿੰਨ ਚੱਲਦੀਆ ਫਿਰਦੀਆਂ ਟੀਮਾਂ ਨੇ ਕੁੱਲ 1100 ਦੇ ਕਰੀਬ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਕੈਂਪ ਵਿੱਚ ਪਰਵਾਸੀ ਮਜ਼ਦੂਰਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਹਜ਼ਾਰ ਸਨ, ਜਿੰਨ੍ਹਾਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਂਪ ਦਾ ਉਦਘਾਟਨ ਕਰਨ ਉਪੰਰਤ ਗੱਲਬਾਤ ਦੌਰਾਨ ਦੱਸਿਆ ਕਿ ਬੱਚੇ ਹੀ ਦੇਸ਼ ਦੀ ਸਭ ਤੋਂ ਕੀਮਤੀ ਪੂੰਜੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਚਪਨ ਤੰਦਰੁਸਤ, ਸਿਹਤਮੰਦ, ਸੁਰੱਖਿਅਤ ਅਤੇ ਪੋਸ਼ਣ ਭਰਪੂਰ ਹੋਵੇਗਾ ਤਾਂ ਹੀ ਦੇਸ਼ ਦਾ ਭਵਿੱਖ ਮਜ਼ਬੂਤ ਬਣੇਗਾ। ਉਨ੍ਹਾਂ ਕਿਹਾ ਕਿ ਪਲਸ ਪੋਲੀਓ ਵਰਗੀਆਂ ਮੁਹਿੰਮਾਂ ਸਾਡੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਬੇਹੱਦ ਅਹਿਮ ਹਨ। ਉਹਨਾਂ ਕਿਹਾ ਕਿ ਮਾਪਿਆਂ ਨੂੰ ਸਮੇਂ ਸਿਰ ਆਪਣੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਉਣੀਆਂ ਚਾਹੀਦੀਆਂ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਦੇਸ਼ ਵਿੱਚ ਬੱਚਿਆਂ ਦੇ ਪੋਸ਼ਣ ਦਾ ਮੁੱਦਾ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਕੁਪੋਸ਼ਣ ਸਿਰਫ਼ ਸਿਹਤ ਹੀ ਨਹੀਂ, ਸਗੋਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜ਼ਿਕਰਯੋਗ ਹੈ ਕਿ ਦੁਨੀਆਂ ਦੇ 127 ਦੇਸ਼ਾਂ ਦੇ ਕੁਪੋਸ਼ਨ ਇੰਡੈਕਸ ਵਿੱਚ ਭਾਰਤ ਦਾ ਨੰਬਰ 105ਵਾਂ ਹੈ। ਇਹ ਸਥਿਤੀ ਚਿੰਤਾਜ਼ਨਕ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੀਸ਼ ਜੇਤਲੀ ਨੇ ਦੱਸਿਆ ਕਿ ਇਲਾਕੇ ਵਿੱਚ ਇਸ ਵੇਲੇ ਪੋਲੀਓ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਇਹ ਸਿਹਤ ਵਿਭਾਗ ਲਈ ਸੰਤੁਸ਼ਟੀ ਵਾਲੀ ਗੱਲ ਹੈ, ਫਿਰ ਵੀ ਵਿਭਾਗ ਪੋਲੀਓ ਨੂੰ ਪੂਰੀ ਤਰ੍ਹਾਂ ਖ਼ਤਮ ਰੱਖਣ ਲਈ ਚੌਕਸੀ ਵਰਤੀ ਜਾ ਰਹੀ ਹੈ ਅਤੇ ਨਿਯਮਤ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਤਿੰਨ ਦਿਨਾਂ ਵਿਸ਼ੇਸ਼ ਮੁਹਿੰਮ 28 ਤੋਂ 30 ਜੂਨ ਤੱਕ ਚੱਲੇਗੀ। ਸਿਹਤ ਵਿਭਾਗ ਦੀਆਂ ਟੀਮਾਂ ਹਰ ਬੱਚੇ ਤੱਕ ਪਹੁੰਚਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ ਅਤੇ ਘਰ ਘਰ ਤੱਕ ਵੀ ਪਹੁੰਚ ਕਰਨਗੀਆਂ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ 0 ਤੋਂ 5 ਸਾਲ ਤੱਕ ਦੇ ਆਪਣੇ ਹਰ ਬੱਚੇ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਉਣ ਤਾਂ ਜੋ ਭਾਰਤ ਪੋਲੀਓ-ਮੁਕਤ ਬਣਿਆ ਰਹੇ।
ਇਸ ਮੌਕੇ ਨੋਡਲ ਅਫ਼ਸਰ ਡਾ. ਪੁਨੀਤ, ਡਾ. ਰਜਤ ਵਾਹੀ, ਡਾ. ਨਵਨੀਤ ਸਿੰਘ, ਡਾ. ਅਸ਼ੀਸ਼ ਸ਼ਰਾਫ, ਡਾ. ਨਵਨੀਤ ਕੌਰ, ਫਾਰਮੇਸੀ ਅਫ਼ਸਰ ਅਮਰਿੰਦਰਜੀਤ ਸਿੰਘ ਅਤੇ ਸਿਹਤ ਵਿਭਾਗ ਦਾ ਹੋਰ ਸਟਾਫ਼ ਵੀ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਤਿੰਨ ਸਾਲਾਂ ਬਾਅਦ ਪਲਸ ਪੋਲੀਓ ਮੁਹਿੰਮ ਮੁੜ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ 0 ਤੋਂ 5 ਸਾਲ ਦੇ ਹਰ ਬੱਚੇ ਤੱਕ ਪੋਲੀਓ ਰੋਕੂ ਬੂੰਦਾਂ ਪਹੁੰਚਾ ਕੇ ਦੇਸ਼ ਨੂੰ ਪੋਲੀਓ-ਮੁਕਤ ਬਣਾਈ ਰੱਖਣਾ ਹੈ।
- Download Babushahi App
-
-