ਨੈਸ਼ਨਲ ਸਕੂਲ ਖੇਡਾਂ ਵਿੱਚ 'ਸਕੂਲ ਆਫ ਐਮੀਨੈਂਸ' ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਜਿੱਤੇ ਮੈਡਲ
ਸਕੂਲ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ
ਰੋਹਿਤ ਗੁਪਤਾ, ਗੁਰਦਾਸਪੁਰ
ਸਕੂਲ ਆਫ਼ ਐਮੀਨੈਂਸ ਗੁਰਦਾਸਪੁਰ ਦੇ ਖਿਡਾਰੀਆਂ ਨੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਅਤੇ ਕਰਾਸ ਵਿੱਚ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਮੈਡਲ ਜੇਤੂ ਖਿਡਾਰੀਆਂ ਦੇ ਸਕੂਲ ਪੁੱਜਣ 'ਤੇ ਪ੍ਰਿੰਸੀਪਲ ਅਨਿਲ ਭੱਲਾ ਅਤੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਨਿੱਘਾ ਸਵਾਗਤ ਕੀਤਾ। ਖਿਡਾਰੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀ ਪ੍ਰਸੰਸਾ ਕਰਦਿਆਂ ਪ੍ਰਿੰਸੀਪਲ ਅਨਿਲ ਭੱਲਾ ਨੇ ਕਿਹਾ ਕਿ ਸਕੂਲ ਵੱਲੋਂ ਖਿਡਾਰੀਆਂ ਦੀ ਬਿਹਤਰੀ ਲਈ ਹਮੇਸ਼ਾ ਬੂਹੇ ਖੁੱਲ੍ਹੇ ਹਨ।
ਜੂਡੋ, ਬਾਸਕਟਬਾਲ, ਕਰਾਟੇ, ਵਾਲੀਵਾਲ, ਬੈਡਮਿੰਟਨ ਦੀਆਂ ਖੇਡਾਂ ਦੇ ਗਰਾਉਂਡ ਬਣਾਏ ਗਏ ਹਨ। ਬਿਹਤਰੀਨ ਅਧਿਆਪਨ ਸਟਾਫ਼ ਦੀ ਮਦਦ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਅਮਰਜੀਤ ਸ਼ਾਸਤਰੀ ਜੂਡੋ ਕੋਚ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਮੈਡਲ ਜਿੱਤ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ। ਸੁਖਜਿੰਦਰ ਕੁਮਾਰ ਨੌਵੀਂ ਜਮਾਤ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਮੈਡਲ ਜਿੱਤਦਾ ਆ ਰਿਹਾ ਹੈ। ਉਸਨੇ ਇਸ ਸਾਲ ਵੀ 69ਵੀਆਂ ਨੈਸ਼ਨਲ ਸਕੂਲ ਖੇਡਾਂ ਸਹਾਰਨਪੁਰ ਵਿਖੇ ਕਰਾਸ ਵਿੱਚ ਬ੍ਰਾਉਨਜ਼ ਮੈਡਲ ਜਿੱਤਿਆ ਹੈ।
ਇਸੇ ਤਰ੍ਹਾਂ ਪਰਮਨੂਰ ਸਿੰਘ ਪਿੰਡ ਕੋਠੇ ਘੁਰਾਲਾ ਬਾਹਰਵੀਂ ਜਮਾਤ ਨੇ ਪਿਛਲੇ ਸਾਲ ਸਕੂਲ ਨੈਸ਼ਨਲ ਪੱਧਰ 'ਤੇ ਬ੍ਰਾਉਨਜ਼ ਮੈਡਲ ਅਤੇ ਇਸ ਸਾਲ ਸਹਾਰਨਪੁਰ ਵਿਖੇ ਸਿਲਵਰ ਮੈਡਲ ਜਿੱਤਿਆ ਹੈ। ਦੱਸਵੀਂ ਜਮਾਤ ਦੇ ਵਿਦਿਆਰਥੀ ਅਵਿਨਾਸ਼ ਮੱਟੂ ਨੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਅੰਡਰ 17 ਸਾਲ ਇੰਫਾਲ ਮਨੀਪੁਰ ਵਿਖੇ ਬ੍ਰਾਉਨਜ਼ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਸਕੂਲ ਸਟਾਫ ਦਾ ਅਤੇ ਪ੍ਰਿੰਸੀਪਲ ਅਨਿਲ ਭੱਲਾ ਦੇ ਜੂਡੋ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ।