ਨਿਹੰਗ ਸਿੰਘਾਂ ਨੇ ਥਾਣੇ ਅੰਦਰ ਸ਼ਿਕਾਇਤ ਦਰਜ ਕਰਵਾਉਣ ਆਈ ਦੂਜੀ ਧਿਰ ਦੇ 3 ਵਿਅਕਤੀਆਂ ਨੂੰ ਕੀਤਾ ਜਖ਼ਮੀ
ਰਵਿੰਦਰ ਸਿੰਘ
ਖੰਨਾ, 19 ਫ਼ਰਵਰੀ 2026 : ਪੁਲਸ ਜ਼ਿਲ੍ਹਾ ਖੰਨਾ ਦੇ ਮਾਛੀਵਾੜਾ ਪੁਲਸ ਥਾਣਾ ਵਿਖੇ ਹੀ ਅੱਜ ਸਵੇਰੇ ਚਾਰਦਿਵਾਰੀ ਦੇ ਅੰਦਰ ਹੀ ਨਿਹੰਗ ਸਿੰਘਾਂ ਨੇ ਗੁੰਡਾਗਰਦੀ ਕਰਦਿਆਂ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਆਈ ਦੂਜੀ ਧਿਰ ’ਤੇ ਕਿਰਪਾਨਾਂ ਤੇ ਹੋਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿਚ ਤਿੰਨ ਵਿਅਕਤੀ ਲਹੂ-ਲੁਹਾਨ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਦੀ ਇਮਾਰਤ ਅੰਦਰ ਹੀ ਗੁੰਡਾਗਰਦੀ ਨੂੰ ਲੈ ਕੇ ਪੁਲਸ ਨੂੰ ਭਾਜੜਾਂ ਪੈ ਗਈਆਂ ਅਤੇ ਮੁਲਾਜ਼ਮ ਸਥਿਤੀ ਕੰਟਰੋਲ ਕਰਨ ਵਿਚ ਜੁਟ ਗਏ। ਇਸ ਸਬੰਧੀ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਆਂ ਦੇ ਵਾਸੀ ਰਵਿੰਦਰ ਸਿੰਘ ਉਰਫ਼ ਬਿੰਦਾ ਅਤੇ ਅਮਨਜੋਤ ਸਿੰਘ ਨੇ ਕੱਲ੍ਹ ਪਿੰਡ ਇਰਾਕ ਵਿਖੇ ਇੱਕ ਵਿਅਕਤੀ ਦੇ ਘਰ ਜਾ ਕੇ ਇੱਟਾਂ, ਰੋੜੇ ਮਾਰ ਕੇ ਹਮਲਾ ਕਰ ਦਿੱਤਾ।
ਇਸ ਤੋਂ ਇਲਾਵਾ ਨਿਹੰਗ ਸਿੰਘ ਰਵਿੰਦਰ ਸਿੰਘ ਬਿੰਦਾ ਨੇ ਪਿੰਡ ਦੇ ਇੱਕ ਵਿਅਕਤੀ ਨਿਰਭੈ ਸਿੰਘ ਨੂੰ ਵੀ ਜਖ਼ਮੀ ਕੀਤਾ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਦੂਜੀ ਧਿਰ ਜਿਨ੍ਹਾਂ ਉੱਪਰ ਹਮਲਾ ਹੋਇਆ ਉਹ ਮਾਛੀਵਾੜਾ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਉਣ ਆਏ ਹੋਏ ਸਨ ਕਿ ਨਿਹੰਗ ਸਿੰਘਾਂ ਨੇ ਕਿਰਪਾਨਾਂ ਕੱਢ ਕੇ ਇਨ੍ਹਾਂ ਉੱਪਰ ਹਮਲਾ ਕਰ ਦਿੱਤਾ। ਇਸ ਖੂਨੀ ਲੜਾਈ ਵਿਚ ਪਰਮਿੰਦਰ ਸਿੰਘ, ਕਮਲਜੀਤ ਸਿੰਘ ਅਤੇ ਤੇਜਿੰਦਰ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਇਨ੍ਹਾਂ ’ਚੋਂ ਇੱਕ ਦੀ ਗਰਦਨ ’ਤੇ ਕਿਰਪਾਨ ਦਾ ਨਿਸ਼ਾਨ ਸੀ ਅਤੇ ਜੇਕਰ ਉਹ ਜਿਆਦਾ ਤੇਜ਼ ਵੱਜ ਜਾਂਦੀ ਤਾਂ ਉਸਦੀ ਜਾਨ ਜਾ ਸਕਦੀ ਸੀ। ਇਸ ਤੋਂ ਇਲਾਵਾ ਬਾਕੀ ਦੋਵਾਂ ਵਿਅਕਤੀਆਂ ਦੇ ਹੱਥਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੋਇਆ ਸੀ। ਪੁਲਸ ਵਲੋਂ ਮੌਕੇ ’ਤੇ ਦੋਵੇਂ ਨਿਹੰਗ ਸਿੰਘ ਰਵਿੰਦਰ ਸਿੰਘ ਤੇ ਅਮਨਜੋਤ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਗੱਡੀ ’ਚੋਂ ਇੱਕ ਏਅਰਗੰਨ ਪਿਸਤੌਲ ਵੀ ਬਰਾਮਦ ਕੀਤਾ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਗ੍ਰਿਫ਼ਤਾਰ ਕੀਤੇ ਨਿਹੰਗ ਸਿੰਘਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਸ਼ਿਕਾਇਤਕਰਤਾਵਾਂ ਦਾ ਦੋਸ਼ ਕਿ ਇਹ ਬਾਣੇ ਦੀ ਆੜ੍ਹ ਹੇਠ ਨਸ਼ੀਲੇ ਪਦਾਰਥ ਵੇਚਦਾ
ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਉਣ ਆਏ ਵਿਅਕਤੀ ਜਗਰੂਪ ਸਿੰਘ ਤੇ ਮਨਵੀਰ ਸਿੰਘ ਨੇ ਡੀ.ਐੱਸ.ਪੀ. ਤਰਲੋਚਨ ਸਿੰਘ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਹੰਗ ਰਵਿੰਦਰ ਸਿੰਘ ਬਿੰਦਾ ਬਾਣੇ ਦੀ ਆੜ੍ਹ ਹੇਠ ਨਸ਼ੀਲੇ ਪਦਾਰਥ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਸੜਕ ’ਤੇ ਨਾਜਾਇਜ ਕਬਜਾ ਕਰਕੇ ਉਸਨੇ ਝੌਂਪੜੀ ਪਾਈ ਹੈ ਜਿੱਥੇ ਉਹ ਨਸ਼ੀਲੇ ਪਦਾਰਥ ਵੇਚਦਾ ਹੈ। ਇਸ ਤੋਂ ਇਲਾਵਾ ਉਹ ਪਿੰਡ ਵਿਚ ਕਿਰਪਾਨਾਂ ਕੱਢ ਕੇ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਰਹਿੰਦਾ ਹੈ ਅਤੇ ਅਜਿਹੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਇਹ ਜਾਂਚ ਵੀ ਕੀਤੀ ਜਾਵੇਗੀ ਕਿ ਉਕਤ ਨਿਹੰਗ ਸਿੰਘ ਨਸ਼ਾ ਵੇਚਦੇ ਹਨ ਜਾਂ ਨਹੀਂ।