ਨਿਰੰਕਾਰੀ ਮਿਸ਼ਨ ਨੂੰ ਸਨਮਾਨਿਤ ਕਰਦੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ
ਅਸ਼ੋਕ ਵਰਮਾ
ਬਠਿੰਡਾ, 22 ਅਗਸਤ 2026: ਮਨੁੱਖੀ ਭਲਾਈ, ਸਮਾਜ ਸੇਵਾ ਅਤੇ ਜਨਹਿੱਤ ਦੇ ਕਾਰਜਾਂ ਵਿੱਚ ਨਿਰੰਤਰ ਯੋਗਦਾਨ ਲਈ ਸੰਤ ਨਿਰੰਕਾਰੀ ਮਿਸ਼ਨ ਦੀਆਂ ਬਠਿੰਡਾ ਅਤੇ ਮਾਨਸਾ ਸ਼ਾਖਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜ ਪੱਧਰੀ ਐਨ.ਜੀ.ਓ. ਸੰਮੇਲਨ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਮਾਰੋਹ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਬਠਿੰਡਾ ਵੱਲੋਂ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਖੂਨਦਾਨ ਕੈਂਪਾਂ ਅਤੇ ਵੱਖ-ਵੱਖ ਜਨਸੇਵਾ ਕਾਰਜਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਮਨੁੱਖੀ ਜੀਵਨ ਦੀ ਰੱਖਿਆ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਇਨ੍ਹਾਂ ਨਿਸ਼ਕਾਮ ਯਤਨਾਂ ਦੇ ਸਨਮਾਨ ਵਜੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮਿਸ਼ਨ ਨੂੰ ਸ਼ੀਲਡ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਸੰਤ ਨਿਰੰਕਾਰੀ ਮਿਸ਼ਨ ਬਠਿੰਡਾ ਅਤੇ ਮਾਨਸਾ ਦੀਆਂ ਸ਼ਾਖਾਵਾਂ ਦੇ ਪ੍ਰਤੀਨਿਧੀਆਂ ਨੂੰ ਵੀ ਸ਼ੀਲਡ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ। ਇਸ ਮੌਕੇ ਮਿਸ਼ਨ ਦੀਆਂ ਹੋਰ ਸ਼ਾਖਾਵਾਂ ਦੇ ਪ੍ਰਤੀਨਿਧੀਆਂ ਨੂੰ ਵੀ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ।
ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ. ਪੀ. ਨਿਰੰਕਾਰੀ ਨੇ ਵੀ ਸਨਮਾਨ ਪ੍ਰਾਪਤ ਕਰਦਿਆਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਮਨੁੱਖਤਾ ਦੀ ਸੇਵਾ ਨੂੰ ਕੇਵਲ ਇੱਕ ਸਮਾਜਿਕ ਜ਼ਿੰਮੇਵਾਰੀ ਨਹੀਂ, ਸਗੋਂ ਅਧਿਆਤਮਿਕ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਮੰਨਦਾ ਹੈ। ਉਨ੍ਹਾਂ ਕਿਹਾ ਕਿ ਯੁਗਦ੍ਰਿਸ਼ਟਾ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਅਮਰ ਸੰਦੇਸ਼ “ਖੂਨ ਨਾੜੀਆਂ ਵਿੱਚ ਵਹੇ, ਨਾਲੀਆਂ ਵਿੱਚ ਨਹੀਂ” ਅੱਜ ਵੀ ਲੱਖਾਂ ਸ਼ਰਧਾਲੂਆਂ ਨੂੰ ਖੂਨਦਾਨ ਵਰਗੇ ਮਹਾਨ ਕਾਰਜਾਂ ਲਈ ਪ੍ਰੇਰਿਤ ਕਰ ਰਿਹਾ ਹੈ।
ਸ੍ਰੀ ਓ. ਪੀ. ਨਿਰੰਕਾਰੀ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਕਿਸੇ ਇੱਕ ਵਿਅਕਤੀ ਦੀ ਉਪਲਬਧੀ ਨਹੀਂ, ਸਗੋਂ ਮਿਸ਼ਨ ਨਾਲ ਜੁੜੇ ਉਨ੍ਹਾਂ ਸਾਰੇ ਸੇਵਾਦਾਰਾਂ ਦੀ ਸਾਂਝੀ ਸੇਵਾ-ਭਾਵਨਾ ਦਾ ਸਨਮਾਨ ਹੈ, ਜੋ ਬਿਨਾਂ ਕਿਸੇ ਸਵਾਰਥ ਅਤੇ ਉਮੀਦ ਦੇ ਮਨੁੱਖਤਾ ਦੀ ਸੇਵਾ ਵਿੱਚ ਨਿਰੰਤਰ ਯੋਗਦਾਨ ਪਾ ਰਹੇ ਹਨ।
ਰਾਜ ਪੱਧਰੀ ਇਸ ਸੰਮੇਲਨ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਪ੍ਰਮੁੱਖ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਦੇ ਪ੍ਰਤੀਨਿਧੀਆਂ, ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਭਾਗ ਲਿਆ।
- Download Babushahi App
-
-