ਨਸ਼ਿਆਂ ਵਿਰੁੱਧ ਪੈਦਲ ਯਾਤਰਾ: ਸੜਕਾਂ 'ਤੇ ਉਤਰੇ ਗਵਰਨਰ, ਡੇਰਾ ਬਿਆਸ ਮੁਖੀ ਅਤੇ ਸੁਖਬੀਰ ਬਾਦਲ ਵੀ ਹੋਏ ਸ਼ਾਮਲ
ਸਰਹੱਦੀ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ; ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਹਾਜ਼ਰੀ ਰਹੀ ਚਰਚਾ ਦਾ ਵਿਸ਼ਾ
Babushahi Network
ਫਿਰੋਜ਼ਪੁਰ: 10 ਫਰਵਰੀ 2026- ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਅੱਜ ਨਸ਼ਿਆਂ ਦੇ ਗੰਭੀਰ ਮੁੱਦੇ ਨੂੰ ਲੈ ਕੇ ਫਿਰੋਜ਼ਪੁਰ ਦੇ ਦੌਰੇ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਨਸ਼ਿਆਂ ਵਿਰੁੱਧ ਇੱਕ ਵਿਸ਼ੇਸ਼ ਪੈਦਲ ਯਾਤਰਾ ਕੱਢੀ ਗਈ, ਜਿਸ ਵਿੱਚ ਧਾਰਮਿਕ ਅਤੇ ਸਿਆਸੀ ਖੇਤਰ ਦੀਆਂ ਕਈ ਦਿੱਗਜ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਯਾਤਰਾ ਦੀ ਸਭ ਤੋਂ ਵੱਡੀ ਖ਼ਾਸ ਗੱਲ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੌਜੂਦਗੀ ਰਹੀ।
ਪਿਛਲੇ ਦਿਨੀਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਸ ਵੇਲੇ ਕਾਫੀ ਚਰਚਾ ਵਿੱਚ ਰਹੇ ਸਨ, ਜਦੋਂ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ 'ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਸੀ। ਉਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਸੀ ਅਤੇ ਅੱਜ ਰਾਜਪਾਲ ਨਾਲ ਉਨ੍ਹਾਂ ਦੀ ਤਸਵੀਰ ਮੁੜ ਚਰਚਾ ਦਾ ਕੇਂਦਰ ਬਣੀ ਹੈ।
ਸੁਖਬੀਰ ਬਾਦਲ ਵੀ ਯਾਤਰਾ ਵਿੱਚ ਆਏ ਨਜ਼ਰ
ਗਵਰਨਰ ਦੀ ਅਗਵਾਈ ਹੇਠ ਨਿਕਲੀ ਇਸ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਲੀਡਰ ਅਸ਼ਵਨੀ ਸ਼ਰਮਾ ਵੀ ਸ਼ਾਮਲ ਹੋਏ। ਗਵਰਨਰ ਅਤੇ ਡੇਰਾ ਮੁਖੀ ਦੇ ਬਿਲਕੁਲ ਨਾਲ ਸੁਖਬੀਰ ਚੱਲਦੇ ਦਿਖਾਈ ਦਿੱਤੇ। ਨਸ਼ਿਆਂ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਅਤੇ ਗਵਰਨਰ ਦਾ ਇੱਕ ਮੰਚ 'ਤੇ ਆਉਣਾ ਪੰਜਾਬ ਦੇ ਸਮਾਜਿਕ ਮਾਹੌਲ ਲਈ ਇੱਕ ਅਹਿਮ ਸੰਕੇਤ ਮੰਨਿਆ ਜਾ ਰਿਹਾ ਹੈ।
ਪੰਜਾਬ ਵਿੱਚ ਨਸ਼ਾ ਇੱਕ ਅਜਿਹਾ ਮੁੱਦਾ ਹੈ ਜਿਸ 'ਤੇ ਸਰਕਾਰਾਂ ਬਣਦੀਆਂ ਅਤੇ ਡਿੱਗਦੀਆਂ ਰਹੀਆਂ ਹਨ। ਗਵਰਨਰ ਨੇ ਸਰਹੱਦੀ ਜ਼ਿਲ੍ਹਿਆਂ (ਤਰਨ ਤਾਰਨ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ) ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਹੋ ਰਹੀ ਨਸ਼ਾ ਤਸਕਰੀ ਅਤੇ ਚੱਲ ਰਹੇ ਵੱਡੇ ਨੈਕਸਸ 'ਤੇ ਚਿੰਤਾ ਪ੍ਰਗਟਾਈ।
ਹਾਲਾਂਕਿ ਪੰਜਾਬ ਸਰਕਾਰ ਵੱਲੋਂ 'ਨਸ਼ਿਆਂ ਵਿਰੁੱਧ ਯੁੱਧ' ਤਹਿਤ ਕਈ ਵੱਡੇ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਰਾਜਪਾਲ ਦੀ ਇਹ ਪੈਦਲ ਯਾਤਰਾ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਇੱਕ ਵੱਡੀ ਕੋਸ਼ਿਸ਼ ਵਜੋਂ ਦੇਖੀ ਜਾ ਰਹੀ ਹੈ।