ਦੋ ਧਿਰਾਂ ਦਾ ਝਗੜਾ ਵੇਖਣ ਗਏ ਨੌਜਵਾਨ ਦੇ ਸਿਰ ਤੇ ਵੱਜੀ ਗੋਲੀ ,ਹੋਈ ਮੌਤ
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 24 ਜੁਲਾਈ
ਗੁਰਦਾਸਪੁਰ ਦੇ ਥਾਣਾ ਤਿੱਬੜ ਤਹਿਤ ਆਉਂਦੇ ਪਿੰਡ ਭਗਵਾਂ ਵਿਖੇ ਦੋ ਧਿਰਾਂ ਦਰਮਿਆਨ ਹੋ ਰਿਹਾ ਝਗੜਾ ਵੇਖਣ ਗਏ ਨੌਜਵਾਨ ਨੂੰ ਇੱਕ ਧਿਰ ਨੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿੱਚ ਕ੍ਰਿਸਚਨ ਸਮੁਦਾਏ ਅਤੇ ਜੱਟ ਬਿਰਾਦਰੀ ਦੇ ਦਰਮਿਆਨ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚਲ ਰਹੀ ਸੀ। ਇਸ ਦੌਰਾਨ ਬੀਤੀ ਰਾਤ ਵੀ ਦੋਹਾਂ ਧਿਰਾਂ ਦਰਮਿਆਨ ਝਗੜਾ ਹੋਇਆ ਸੀ ਅਤੇ ਇੱਕ ਧਿਰ ਵੱਲੋਂ ਬਾਹਰੋਂ ਕੁਝ ਵਿਅਕਤੀ ਵੀ ਪਿੰਡ ਵਿੱਚ ਬੁਲਾ ਲਏ ਗਏ । ਪਿੰਡ ਦਾ ਹੀ ਇੱਕ ਨੌਜਵਾਨ ਵਿਜੇ ਮਸੀਹ ਉਮਰ 30 ਸਾਲ ਆਪਣੀ ਮਾਂ ਨਾਲ ਝਗੜਾ ਵੇਖਣ ਬਾਹਰ ਨਿਕਲਿਆ ਸੀ ਕਿ ਇੱਕ ਧਿਰ ਵੱਲੋ ਉਸਦੇ ਸਿਰ ਤੇ ਗੋਲੀ ਮਾਰ ਦਿੱਤੀ ਗਈ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਉੱਥੇ ਹੀ ਮੌਕੇ ਤੇ ਪਹੁੰਚੇ ਡੀਐਸਪੀ ਸ਼ਾਹਬਾਜ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਮੌਕੇ ਤੇ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ।
- Download Babushahi App
-
-