ਦਾਣਾ ਮੰਡੀ ਵਿੱਚ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਸਾਂਸਦ ਡਾ. ਅਮਰ ਸਿੰਘ ਨੇ ਕੀਤੀ ਤੁਰੰਤ ਕਾਰਵਾਈ
ਰਵਿੰਦਰ ਢਿੱਲੋਂ
ਖੰਨਾ : ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਸਾਂਸਦ ਡਾ. ਅਮਰ ਸਿੰਘ ਨੇ ਸਰਹਿੰਦ ਦਾਣਾ ਮੰਡੀ ਦਾ ਦੌਰਾ ਕਰਦੇ ਹੋਏ ਕਿਸਾਨਾਂ ਅਤੇ ਆੜਤੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਸਨ।
ਦੌਰੇ ਦੌਰਾਨ ਸਮੱਸਿਆਵਾਂ ਨਾਲ ਜੂਝ ਰਹੇ ਪੀੜਤ ਆੜਤੀਆਂ ਵੱਲੋਂ ਲਿਫਟਿੰਗ ਦੀ ਗੰਭੀਰ ਸਮੱਸਿਆ ਉੱਠਾਈ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਪਿਆ ਅਨਾਜ ਜਲਦ ਤੋਂ ਜਲਦ ਚੁੱਕਵਾਇਆ ਜਾਵੇ ਤਾਂ ਜੋ ਖੁੱਲ੍ਹੇ ਆਸਮਾਨ ਹੇਠ ਪਿਆ ਅਨਾਜ ਖਰਾਬ ਹੋਣ ਤੋਂ ਬਚ ਸਕੇ। ਆੜਤੀਆਂ ਨੇ ਦੱਸਿਆ ਕਿ ਧੀਮੀ ਰਫਤਾਰ ਨਾਲ ਹੋ ਰਹੀ ਲਿਫਟਿੰਗ ਕਾਰਨ ਮੰਡੀ ਵਿੱਚ ਅਨਾਜ ਦੇ ਵੱਡੇ-ਵੱਡੇ ਅੰਬਾਰ ਲੱਗ ਚੁੱਕੇ ਹਨ।
ਸਾਂਸਦ ਡਾ. ਅਮਰ ਸਿੰਘ ਨੇ ਮੌਕੇ ’ਤੇ ਹੀ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਏਜੰਸੀਆਂ ਦੇ ਡਿਵੀਜ਼ਨਲ ਮੈਨੇਜਰਾਂ ਨਾਲ ਫੋਨ ’ਤੇ ਸੰਪਰਕ ਕੀਤਾ ਅਤੇ ਸਪੈਸ਼ਲ ਗੱਡੀਆਂ ਲਗਾ ਕੇ ਜਲਦ ਤੋਂ ਜਲਦ ਅਨਾਜ ਦੀ ਲਿਫਟਿੰਗ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੇਂਦਰੀ ਪੱਧਰ ’ਤੇ ਵੀ ਗੱਲਬਾਤ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ।
ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਲਿਫਟਿੰਗ ਵਿੱਚ ਹੋ ਰਹੀ ਦੇਰੀ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਅਤੇ ਆੜਤੀਆਂ ਨੇ ਆਪਣੀਆਂ ਸਮੱਸਿਆਵਾਂ ਸਾਂਸਦ ਅੱਗੇ ਰੱਖੀਆਂ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਇਸ ਦਾ ਹੱਲ ਨਿਕਲੇਗਾ।
Click to Follow Babushahi Facebook page →