ਤਰਕਸ਼ੀਲ ਸੁਸਾਇਟੀ ਕੈਨੇਡਾ ਵਿਗਿਆਨਕ ਸੋਚ ਦੇ ਪਸਾਰ ਲਈ ਸਰਗਰਮੀਆਂ ਵਿੱਚ ਕਰੇਗੀ ਵਾਧਾ - ਬਲਦੇਵ ਰਹਿਪਾ
ਹਰਦਮ ਮਾਨ
ਸਰੀ, 29 ਜਨਵਰੀ 2026 - ਤਰਕਸ਼ੀਲ ਸੋਚ ਅਤੇ ਵਿਗਿਆਨਕ ਚੇਤਨਾ ਨੂੰ ਹੋਰ ਵਸੀਹ ਕਰਨ ਦੇ ਮਕਸਦ ਨਾਲ ਬੀਤੇ ਦਿਨ ਤਰਕਸ਼ੀਲ ਸੁਸਾਇਟੀ ਕੈਨੇਡਾ ਦੀਆਂ ਵੱਖ-ਵੱਖ ਇਕਾਈਆਂ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਂਝੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਕੈਨੇਡਾ ਤੋਂ ਨੈਸ਼ਨਲ ਪ੍ਰਧਾਨ ਬਲਦੇਵ ਰਹਿਪਾ, ਮੀਤ ਪ੍ਰਧਾਨ ਬਲਵਿੰਦਰ ਬਰਨਾਲਾ, ਮੁੱਖ ਸਕੱਤਰ ਬੀਰਬਲ ਭਦੌੜ, ਖ਼ਜ਼ਾਨਚੀ ਜਗਰੂਪ ਸਿੰਘ ਸਮੇਤ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਰਜਿੰਦਰ ਭਦੌੜ, ਹੇਮਰਾਜ ਸਟੈਨੋ, ਬਲਵੀਰ ਚੰਦ ਲੌਂਗੋਵਾਲ ਅਤੇ ਹਰਚੰਦ ਭਿੰਡਰ ਸ਼ਾਮਲ ਹੋਏ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਚੰਦ ਭਿੰਡਰ ਨੇ ਦੱਸਿਆ ਕਿ ਸਕੱਤਰ ਬੀਰਬਲ ਭਦੌੜ ਨੇ ਤਰਕਸ਼ੀਲ ਸਾਥੀਆਂ ਦੀ ਆਪਸੀ ਜਾਣ-ਪਛਾਣ ਕਰਵਾਉਂਦਿਆਂ ਵਿਗਿਆਨਕ ਸੋਚ ਦੇ ਪ੍ਰਚਾਰ ਲਈ ਹਾਜ਼ਰ ਆਗੂਆਂ ਤੋਂ ਢੁੱਕਵੇਂ ਸੁਝਾਅ ਮੰਗੇ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਨੇ ਕਿਹਾ ਕਿ ਕੈਨੇਡਾ ਵਸੇ ਤਰਕਸ਼ੀਲ ਸਾਥੀਆਂ ਦੀ ਲਗਾਤਾਰ ਮਿਹਨਤ ਸਦਕਾ ਉਥੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੀਆਂ ਕਈ ਸਰਗਰਮ ਇਕਾਈਆਂ ਕਾਇਮ ਹੋ ਚੁੱਕੀਆਂ ਹਨ, ਜੋ ਨਿਯਮਤ ਤੌਰ ‘ਤੇ ਤਰਕਸ਼ੀਲਤਾ ਨਾਲ ਸੰਬੰਧਿਤ ਗਤੀਵਿਧੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਗਰਮੀਆਂ ਲਈ ਤਰਕਸ਼ੀਲ ਸਾਹਿਤ, ਕਿਤਾਬਾਂ ਅਤੇ ਮੈਗਜ਼ੀਨਾਂ ਦੀ ਵੱਡੀ ਲੋੜ ਰਹਿੰਦੀ ਹੈ, ਜਿਸ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਤਾਂ ਜੋ ਕੈਨੇਡਾ ਵਸਦੇ ਪੰਜਾਬੀਆਂ ਤੱਕ ਇਹ ਸਾਹਿਤ ਪਹੁੰਚਾਇਆ ਜਾ ਸਕੇ। ਨਾਲ ਹੀ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵੀ ਤਰਕਸ਼ੀਲਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਇਹ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਕਿ ਮੌਜੂਦਾ ਦੌਰ ਵਿੱਚ ਪੂੰਜੀਵਾਦ ਦੀ ਅੰਨੀ ਦੌੜ ਕਾਰਨ ਮਨੁੱਖਤਾ ਦੀ ਹੋਂਦ ਲਈ ਖਤਰੇ ਪੈਦਾ ਹੋ ਰਹੇ ਹਨ ਅਤੇ ਇਸੇ ਛਤਰ-ਛਾਇਆ ਹੇਠ ਅੰਧਵਿਸ਼ਵਾਸ ਅਤੇ ਪਾਖੰਡ ਦੀਆਂ ਦੁਕਾਨਾਂ ਖੁੱਲ੍ਹੇਆਮ ਚੱਲ ਰਹੀਆਂ ਹਨ। ਇਸ ਸਥਿਤੀ ਦਾ ਮੁਕਾਬਲਾ ਕਰਨ ਲਈ ਤਰਕਸ਼ੀਲ ਸਰਗਰਮੀਆਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਤਰਕਸ਼ੀਲਤਾ ਦੇ ਪ੍ਰਸਾਰ ਅਤੇ ਵਿਗਿਆਨਕ ਚੇਤਨਾ ਦਾ ਘੇਰਾ ਵਧਾਉਣ ਲਈ ਆਧੁਨਿਕ ਤਕਨੀਕ ਅਤੇ ਵਿਗਿਆਨਕ ਸਾਧਨਾਂ ਦੀ ਭਰਪੂਰ ਵਰਤੋਂ ਕਰਦਿਆਂ ਲੋਕਾਂ ਤੱਕ ਸਮੇਂ ਸਿਰ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਪਹੁੰਚਾਉਣੀ ਬੇਹੱਦ ਜ਼ਰੂਰੀ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਧਾਰਮਿਕ ਕੱਟੜਵਾਦ ਅਤੇ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਥਾਂ ਹੋਰ ਨੁਕਸਾਨ ਝੱਲ ਰਹੇ ਹਨ ਅਤੇ ਸਮਾਜਿਕ ਸਾਂਝਾਂ ਨੂੰ ਵੀ ਡੂੰਘੀ ਠੇਸ ਪਹੁੰਚ ਰਹੀ ਹੈ।
ਇਸ ਮੌਕੇ ਬਲਵਿੰਦਰ ਬਰਨਾਲਾ ਨੇ ਕਿਹਾ ਕਿ ਕੈਨੇਡਾ ਵਿੱਚ ਪੜ੍ਹਾਈ ਲਈ ਆਏ ਕਈ ਵਿਦਿਆਰਥੀ ਵਰਕ ਪਰਮਿਟ ਅਤੇ ਪੀ.ਆਰ. ਨਾ ਮਿਲਣ ਕਾਰਨ ਨਿਰਾਸ਼ਾ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹਨ। ਸਰਮਾਏਦਾਰੀ ਨੀਤੀਆਂ ਕਾਰਨ ਰੁਜ਼ਗਾਰ ਦੇ ਮੌਕੇ ਘਟ ਰਹੇ ਹਨ, ਜਿਸ ਨਾਲ ਵਿਦਿਆਰਥੀ ਅਤੇ ਉਨ੍ਹਾਂ ਦੇ ਪੰਜਾਬ ਰਹਿੰਦੇ ਮਾਪੇ ਆਪਣੀਆਂ ਸਮੱਸਿਆਵਾਂ ਲੈ ਕੇ ਤਰਕਸ਼ੀਲ ਸਾਥੀਆਂ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਾਲਤਾਂ ਵਿਚ ਨੌਜਵਾਨ ਵਰਗ ਤਰਕਸ਼ੀਲ ਸਰਗਰਮੀਆਂ ਵੱਲ ਵੀ ਦਿਲਚਸਪੀ ਦਿਖਾ ਰਿਹਾ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਰਜਿੰਦਰ ਭਦੌੜ ਨੇ ਕੈਨੇਡਾ ਤੋਂ ਆਏ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦਾ ਟਾਕਰਾ ਕਰਨ ਲਈ ਵਿਸ਼ਾਲ ਅਤੇ ਮਜ਼ਬੂਤ ਟੀਮ ਬਣਾ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਆਪਣੇ ਤਜਰਬਿਆਂ ਦੇ ਆਧਾਰ ‘ਤੇ ਤਰਕਸ਼ੀਲ ਸੁਸਾਇਟੀ ਕੈਨੇਡਾ ਨੂੰ ਹਰ ਸੰਭਵ ਸਹਿਯੋਗ ਦਿੰਦੀ ਰਹੇਗੀ। ਮੀਟਿੰਗ ਵਿੱਚ ਕੈਨੇਡਾ ਦੀਆਂ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰ ਨਵਤੇਜ (ਕੈਲਗਿਰੀ), ਸਾਧੂ ਸਿੰਘ (ਐਬਟਸਫੋਰਡ) ਅਤੇ ਸੁਰਜੀਤ ਰਾਏਸਰ (ਐਬਟਸਫੋਰਡ) ਨੇ ਵੀ ਸ਼ਿਰਕਤ ਕਰਦਿਆਂ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ।