ਝੋਟਾ ਕਤਲ ਕਾਂਡ: ਲੋਕਾਂ ਦੇ ਵਿਰੋਧ ਮਗਰੋਂ ਮਾਨਸਾ ਦੇ ਤਿੰਨ DSPs ਬਦਲੇ, ਪੜ੍ਹੋ ਪੂਰੀ ਖ਼ਬਰ
Ravi Jakhu
ਚੰਡੀਗੜ੍ਹ, 29 ਅਕਤੂਬਰ 2026- ਮਾਨਸਾ ਵਿਖੇ ਕਰੀਬ 15 ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਸਰਕਾਰ ਨੇ ਮਾਨਸਾ ਦੇ ਤਿੰਨ ਡੀਐਸਪੀ ਸਮੇਤ ਕੁੱਲ ਚਾਰ ਪੁਲਿਸ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਗੁਰਪ੍ਰਤਾਪ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਬਦਲ ਕੇ ਡੀਐਸਪੀ (ਸਬ ਡਵੀਜ਼ਨ) ਮਾਨਸਾ ਤੈਨਾਤ ਕੀਤਾ ਗਿਆ ਹੈ।
ਬਠਿੰਡਾ ਦਿਹਾਤੀ ਦੇ ਡੀਐਸਪੀ ਹਰਵਿੰਦਰ ਸਿੰਘ ਸਰਾਂ ਦਾ ਤਬਾਦਲਾ ਕਰਕੇ, ਉਨ੍ਹਾਂ ਨੂੰ ਡੀਐੱਸਪੀ ਸਰਦੂਲਗੜ੍ਹ ਨਿਯੁਕਤ ਕੀਤਾ ਗਿਆ ਹੈ। ਬਠਿੰਡਾ ਦੀ ਸਪੈਸ਼ਲ ਬਰਾਂਚ ਦੇ ਡੀਐਸਪੀ ਸਰਬਜੀਤ ਸਿੰਘ ਨੂੰ ਬੁਢਲਾਡਾ ਦਾ ਡੀਐਸਪੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਦਾ ਤਬਾਦਲਾ ਸੰਗਰੂਰ ਦੀ ਲੱਡਾ ਕੋਠੀ ਵਿਖੇ ਕੀਤਾ ਗਿਆ ਹੈ।
ਦੱਸਦੇ ਚੱਲੀਏ ਕਿ ਮਾਨਸਾ ਵਿਖੇ 13 ਅਕਤੂਬਰ ਨੂੰ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮਾਨਸਾ ਸਮੇਤ ਪੂਰੇ ਪੰਜਾਬ ਦੇ ਅੰਦਰ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵਿਰੁੱਧ ਰੋਸ ਦੀ ਲਹਿਰ ਉੱਠ ਖੜੀ ਹੋਈ।
ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਮੋਰਚੇ ਦਾ ਸ਼ੁਰੂ ਤੋਂ ਇਹੋ ਦੋਸ਼ ਰਿਹਾ ਹੈ ਕਿ, ਪੁਲਿਸ ਦੀ ਕਥਿਤ ਮਿਲੀਭੁਗਤ ਤੋਂ ਬਿਨ੍ਹਾਂ ਨਸ਼ਾ ਵਿਕ ਹੀ ਨਹੀਂ ਸਕਦਾ। ਪਰਿਵਾਰ ਅਤੇ ਐਕਸ਼ਨ ਕਮੇਟੀ ਦੀ ਸ਼ੁਰੂ ਤੋਂ ਮੰਗ ਰਹੀ ਹੈ ਕਿ ਡੀਐਸਪੀ ਸਮੇਤ ਐਸਐਸਪੀ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਨੂੰ ਮਾਨਸਾ ਤੋਂ ਬਦਲਿਆ ਜਾਵੇ।
- Download Babushahi App
-
-