ਜ਼ਿਲ੍ਹੇ ਦੀਆਂ ਵੱਖ-ਵੱਖ ਸੜਕਾਂ ਦੀਆਂ ਓਵਰਲੋਡ ਵਾਹਨਾਂ ਅਤੇ ਟਿੱਪਰਾਂ ਤੇ ਲਗਾਈ ਪਾਬੰਦੀ
ਬਾਬੂਸ਼ਾਹੀ ਬਿਊਰੋ
ਰੂਪਨਗਰ, 01 ਜੂਨ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ, ਆਈ.ਏ.ਐਸ. ਨੇ ਜਨਤਕ ਸੁਰੱਖਿਆ, ਆਵਾਜਾਈ ਦੇ ਸੁਚਾਰੂ ਪ੍ਰਬੰਧ, ਸੜਕਾਂ ਦੀ ਸੁਰੱਖਿਆ ਅਤੇ ਵਿਦਿਅਕ ਸੰਸਥਾਵਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੁਝ ਮਹੱਤਵਪੂਰਨ ਪਾਬੰਦੀਆਂ ਲਾਗੂ ਕੀਤੀਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ–ਗੜ੍ਹਸ਼ੰਕਰ ਰੋਡ ਉੱਤੇ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਪਿੰਡ ਬਾਥੜੀ (ਹਿਮਾਚਲ ਪ੍ਰਦੇਸ਼ ਬਾਰਡਰ) ਤੱਕ ਹਿਮਾਚਲ ਪ੍ਰਦੇਸ਼ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪੂਰਨ ਪਾਬੰਦੀ ਲਗਾਈ ਹੈ। ਇਨ੍ਹਾਂ ਵਾਹਨਾਂ ਨੂੰ ਵਾਇਆ ਨੰਗਲ–ਸ੍ਰੀ ਅਨੰਦਪੁਰ ਸਾਹਿਬ–ਰੂਪਨਗਰ ਮਾਰਗ ਰਾਹੀਂ ਡਾਇਵਰਟ ਕੀਤਾ ਜਾਵੇਗਾ। ਹਾਲਾਂਕਿ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਖਣਨ ਸਥਾਨਾਂ ਤੋਂ ਸਮੱਗਰੀ ਲੈ ਕੇ ਆਉਣ ਵਾਲੇ ਭਾਰੀ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਥਾਨਕ ਖੇਤਰ ਦੇ ਵਸਨੀਕਾਂ ਦੇ ਭਾਰੀ ਵਾਹਨ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਉਕਤ ਸੜਕ ਦੀ ਵਰਤੋਂ ਕਰ ਸਕਣਗੇ।
ਸ੍ਰੀ ਡੇਚਲਵਾਲ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰਤੀ ਪ੍ਰੌਦਯੋਗਿਕੀ ਸੰਸਥਾਨ (ਆਈ.ਆਈ.ਟੀ.) ਅਤੇ ਹੋਰ ਪ੍ਰਸਿੱਧ ਵਿਦਿਅਕ ਅਦਾਰਿਆਂ ਦੀ ਮੌਜੂਦਗੀ ਨੂੰ ਧਿਆਨ ਵਿੱਚ ਰੱਖਦਿਆਂ ਆਈ.ਆਈ.ਟੀ. ਰੋਡ (ਆਈ.ਆਈ.ਟੀ. ਕੈਂਪਸ ਤੋਂ ਫਲਾਈਓਵਰ ਤੱਕ) ਉੱਤੇ ਹੈਵੀ ਓਵਰਲੋਡ ਵਾਹਨਾਂ ਅਤੇ ਟਿੱਪਰਾਂ ਦੀ ਆਵਾਜਾਈ 'ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ, ਤਾਂ ਜੋ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਇਸੇ ਤਰ੍ਹਾ ਕਲਮਾ–ਨੂਰਪੁਰਬੇਦੀ–ਰੂਪਨਗਰ ਸੜਕ ਉੱਤੇ ਚੱਲਣ ਵਾਲੇ ਹੈਵੀ ਓਵਰਲੋਡ ਵਾਹਨਾਂ ਅਤੇ ਟਿੱਪਰਾਂ ਦੀ ਆਵਾਜਾਈ 'ਤੇ ਵੀ ਪੂਰਨ ਰੋਕ ਲਗਾਈ ਗਈ ਹੈ।
ਇਸ ਤੋਂ ਇਲਾਵਾ ਨੂਰਪੁਰਬੇਦੀ ਤੋਂ ਬੂੰਗਾ ਸਾਹਿਬ ਮਾਰਗ ਉੱਤੇ ਆਵਾਜਾਈ ਕਰਨ ਵਾਲੇ ਹੈਵੀ ਓਵਰਲੋਡ ਟਿੱਪਰਾਂ ਅਤੇ ਹੋਰ ਭਾਰੀ ਵਾਹਨਾਂ ਦੇ ਚੱਲਣ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਾਬੰਦੀਆਂ ਲੋਕਾਂ ਦੀ ਸੁਰੱਖਿਆ, ਸੜਕਾਂ ਦੀ ਸੰਭਾਲ, ਟ੍ਰੈਫਿਕ ਪ੍ਰਬੰਧਨ ਅਤੇ ਵਿਦਿਅਕ ਸੰਸਥਾਵਾਂ ਦੇ ਆਲੇ-ਦੁਆਲੇ ਸੁਖਾਵਾਂ ਅਤੇ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਸਮੂਹ ਟਰਾਂਸਪੋਰਟਰਾਂ, ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
- Download Babushahi App
-
-