ਜਸਪਾਲੋਂ 'ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਤੇ ਪੁਲਿਸ ਦਾ ਵੱਡਾ ਛਾਪਾ, 16 ਵਿਅਕਤੀ ਕਰਵਾਏ ਰਿਹਾਅ
4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਪ੍ਰਤੀ ਮਰੀਜ਼ 5–6 ਹਜ਼ਾਰ ਰੁਪਏ ਮਹੀਨਾ ਵਸੂਲਣ ਦੇ ਦੋਸ਼ • ਕੇਂਦਰ ਕਰਵਾਇਆ ਬੰਦ
ਖੰਨਾ, ਰਵਿੰਦਰ ਢਿੱਲੋਂ
ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਦਰ ਖੰਨਾ ਅਤੇ ਪੁਲਿਸ ਚੌਕੀ ਕੋਟ ਦੀ ਪੁਲਿਸ ਨੇ ਪਿੰਡ ਜਸਪਾਲੋਂ ਵਿਖੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਇੱਕ ਨਸ਼ਾ ਛੁਡਾਊ ਕੇਂਦਰ 'ਤੇ ਵੱਡੀ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ। ਇਸ ਦੌਰਾਨ ਕੇਂਦਰ ਵਿੱਚ ਮੌਜੂਦ 16 ਵਿਅਕਤੀਆਂ ਨੂੰ ਰਿਹਾਅ ਕਰਵਾਇਆ ਗਿਆ, ਜਦਕਿ ਕੇਂਦਰ ਚਲਾਉਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਕਾਰਵਾਈ ਥਾਣਾ ਸਦਰ ਖੰਨਾ ਦੇ ਐੱਸ.ਐੱਚ.ਓ. ਪਵਿੱਤਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਜਰਨੈਲ ਸਿੰਘ, ਐੱਸ.ਐੱਸ.ਪੀ. ਖੰਨਾ ਦੇ ਰੀਡਰ ਰਾਓ ਵਰਿੰਦਰ ਸਿੰਘ, ਪੁਲਿਸ ਚੌਕੀ ਕੋਟ ਦੇ ਇੰਚਾਰਜ ਕਰਮਜੀਤ ਸਿੰਘ, ਏ.ਐੱਸ.ਆਈ. ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ।
ਪੁਲਿਸ ਜਾਂਚ ਮੁਤਾਬਕ ਇਹ ਨਸ਼ਾ ਛੁਡਾਊ ਕੇਂਦਰ ਪਿੰਡ ਜਸਪਾਲੋਂ ਵਿੱਚ ਇੱਕ ਨਿੱਜੀ ਮਕਾਨ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਦੋਸ਼ ਹੈ ਕਿ ਇੱਥੇ ਦਾਖ਼ਲ ਹਰ ਵਿਅਕਤੀ ਤੋਂ ਪ੍ਰਤੀ ਮਹੀਨਾ 5,000 ਤੋਂ 6,000 ਰੁਪਏ ਤੱਕ ਵਸੂਲੇ ਜਾਂਦੇ ਸਨ।
ਐੱਸ.ਐੱਚ.ਓ. ਪਵਿੱਤਰ ਸਿੰਘ ਗਰੇਵਾਲ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਜਸਪਾਲੋਂ, ਰਜਿੰਦਰ ਕੌਰ ਪਤਨੀ ਹਰਦੇਵ ਸਿੰਘ ਵਾਸੀ ਜਸਪਾਲੋਂ, ਵਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਾਹਪੁਰ ਅਤੇ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਚੌਂਦਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾ ਦਿੱਤਾ ਹੈ।
ਕਾਰਵਾਈ ਤੋਂ ਬਾਅਦ ਰਿਹਾਅ ਕਰਵਾਏ ਗਏ 16 ਵਿਅਕਤੀਆਂ ਦੀ ਸਿਹਤ ਜਾਂਚ ਲਈ ਐੱਸ.ਐੱਮ.ਓ. ਪਾਇਲ ਡਾ. ਹਰਵਿੰਦਰ ਸਿੰਘ ਦੀ ਟੀਮ ਨੂੰ ਬੁਲਾਇਆ ਗਿਆ। ਮੈਡੀਕਲ ਟੀਮ ਨੇ ਉਨ੍ਹਾਂ ਨੂੰ ਮਰੀਜ਼ ਮੰਨਦਿਆਂ, ਉਨ੍ਹਾਂ ਦੀ ਸਹਿਮਤੀ ਅਨੁਸਾਰ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਣ ਦੀ ਸਿਫ਼ਾਰਸ਼ ਕੀਤੀ ਹੈ।
ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਮਨਜ਼ੂਰੀ ਚੱਲ ਰਹੇ ਅਜਿਹੇ ਕੇਂਦਰਾਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-