ਚੰਡੀਗੜ੍ਹ ਦੀਆਂ ਸੜਕਾਂ 'ਤੇ ਚੈਕਿੰਗ ਦੇ ਨਾਮ 'ਤੇ ਟ੍ਰੈਫਿਕ ਪੁਲਿਸ ਦਾ ਕਥਿਤ ਨਜਾਇਜ਼ ਕਬਜ਼ਾ; ਮੁਲਾਜ਼ਮ ਚਲਾਨ ਕੱਟਣ 'ਚ ਮਸਰੂਫ਼! (ਵੇਖੋ ਵੀਡੀਓ)
ਅੱਧੀ ਤੋਂ ਵੱਧ ਸੜਕ 'ਤੇ ਲਗਾਏ ਬੈਰੀਕੇਡ, ਲੋਕ ਹੋ ਰਹੇ ਨੇ ਪ੍ਰੇਸ਼ਾਨ; ਬਾਹਰੀ ਰਾਜਾਂ ਦੇ ਵਹੀਕਲਾਂ ਦੀ ਚੈਕਿੰਗ ਦੇ ਨਾਮ 'ਤੇ ਟ੍ਰਾਈਸਿਟੀ ਦੀ ਜਨਤਾ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ
ਬੈਰੀਕੇਡ ਲਗਾ ਕੇ ਗਾਇਬ ਹੋ ਜਾਂਦੇ ਨੇ ਟ੍ਰੈਫਿਕ ਪੁਲਿਸ ਕਰਮਚਾਰੀ! ਸੁਰੱਖਿਆ ਦੇ ਨਾਂ 'ਤੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਲੱਗ ਰਹੇ ਲੰਮੇ ਟਰੈਫਿਕ ਜਾਮ
ਗੁਰਪ੍ਰੀਤ ਸਿੰਘ
ਚੰਡੀਗੜ੍ਹ, 8 ਅਗਸਤ 2026- ਚੰਡੀਗੜ੍ਹ ਟ੍ਰਾਈਸਿਟੀ ਵਿੱਚ ਪੁਲਿਸ ਵੱਲੋਂ ਸ਼ਹਿਰ ਦੀ ਸੁਰੱਖਿਆ, ਟਰੈਫਿਕ ਚੈਕਿੰਗ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਦਿਨ-ਦਿਹਾੜੇ ਲਗਾਏ ਜਾ ਰਹੇ ਨਾਕੇ ਹੁਣ ਆਮ ਨਾਗਰਿਕਾਂ ਲਈ ਸੁਰੱਖਿਆ ਦੀ ਥਾਂ ਵੱਡੀ ਰੁਕਾਵਟ ਬਣਦੇ ਜਾ ਰਹੇ ਹਨ। ਸ਼ਹਿਰ ਵਿੱਚ ਪਿਛਲੇ ਦਿਨੀਂ ਹੋਈਆਂ ਗੋਲੀਬਾਰੀ ਅਤੇ ਗ੍ਰਨੇਡ ਹਮਲੇ ਵਰਗੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਨਾ ਸਿਰਫ਼ ਚੰਡੀਗੜ੍ਹ ਦੀਆਂ ਬਾਹਰੀ ਸਰਹੱਦਾਂ 'ਤੇ, ਬਲਕਿ ਸ਼ਹਿਰ ਦੇ ਅੰਦਰੂਨੀ ਹਿੱਸਿਆਂ, ਬਾਜ਼ਾਰਾਂ ਅਤੇ ਮੁੱਖ ਮਾਰਗਾਂ 'ਤੇ ਵੀ ਬੈਰੀਕੇਡਿੰਗ ਸ਼ੁਰੂ ਕਰ ਦਿੱਤੀ ਹੈ।
ਪਰ ਪੁਲਿਸ ਦੀ ਇਸ ਕਾਰਵਾਈ ਕਾਰਨ ਰੋਜ਼ਾਨਾ ਦਫ਼ਤਰਾਂ ਅਤੇ ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਟਰੈਫਿਕ ਜਾਮ ਨਾਲ ਜੂਝਣਾ ਪੈ ਰਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕੀਤੀ ਹੈ ਕਿ ਸ਼ਹਿਰ ਦੇ ਅੰਦਰ ਨਾਕੇ ਲਗਾਉਣ ਦੀ ਥਾਂ ਕੇਵਲ ਸ਼ਹਿਰ ਦੇ ਮੁੱਖ ਬਾਰਡਰ ਪੁਆਇੰਟਾਂ 'ਤੇ ਹੀ ਚੈਕਿੰਗ ਕੀਤੀ ਜਾਵੇ। ਸ਼ਹਿਰ ਦੇ ਅੰਦਰੂਨੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੁਰੱਖਿਆ ਲਈ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਵਰਤੋਂ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ।
ਵਾਈਪੀਐਸ (VPS) ਚੌਂਕ ਮੋਹਾਲੀ ਵਿਖੇ ਲੱਗਿਆ ਕੌਮੀ ਇਨਸਾਫ਼ ਮੋਰਚੇ ਦਾ ਧਰਨਾ, ਜਿੱਥੇ ਟ੍ਰੈਫਿਕ ਵਿੱਚ ਵਿਘਣ ਪਾ ਰਿਹਾ ਹੈ, ਉੱਥੇ ਹੀ ਸਵੇਰੇ ਕਰੀਬ ਸਾਢੇ 9 ਵਜੇ ਤੋਂ ਲੈ ਕੇ ਸਾਢੇ 11 ਵਜੇ ਤੱਕ ਵਾਈਪੀਐਸ ਚੌਂਕ ਨੂੰ ਚਾਰੇ ਪਾਸਿਆਂ ਤੋਂ ਬਲੌਕ ਕਰ ਦਿੱਤਾ ਜਾਂਦਾ ਹੈ। ਜਦੋਂ ਆਮ ਲੋਕ ਘੁੰਮ ਘੁਮਾ ਕੇ ਬੁੜੈਲ ਜੇਲ੍ਹ ਰੋਡ ਰਾਹੀਂ ਚੰਡੀਗੜ੍ਹ ਵੱਲ ਜਾਣ ਦੀ ਕੋਸਿਸ਼ ਵੀ ਕਰਦੇ ਹਨ ਤਾਂ, ਉੱਥੇ ਚੈਕਿੰਗ ਦੇ ਨਾਮ ਤੇ ਲਗਾਏ ਗਏ ਵੱਡੇ ਪੱਧਰ ਤੇ ਬੈਰੀਕੇਡ ਆਮ ਜਨਤਾ ਲਈ ਸਿਰਦਰਦ ਬਣਦੇ ਹਨ। ਉੱਥੇ ਕਥਿਤ ਤੌਰ ਤੇ ਪੁਲਿਸ ਵੱਲੋਂ ਚੈਕਿੰਗ ਤਾਂ ਕੀਤੀ ਜਾਂਦੀ ਹੈ, ਪਰ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਅੱਗੇ ਨਹੀਂ ਤੋਰਿਆ ਜਾਂਦਾ। ਸੱਪ ਵਾਂਗ ਵਲ ਮਾਰ ਕੇ ਲਗਾਏ ਗਏ ਇਨ੍ਹਾਂ ਬੈਰੀਕੇਡ ਦੇ ਕਾਰਨ ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ।
ਉਕਤ ਟ੍ਰੈਫਿਕ ਨਾਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮ ਵੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹਿੰਦੇ ਹਨ ਅਤੇ ਜਦੋਂ ਕਦੇ ਮੀਡੀਆ ਵਾਲੇ ਇਨ੍ਹਾਂ ਉੱਪਰ ਕੈਮਰੇ ਮਾਰਦੇ ਹਨ ਤਾਂ, ਇਹ ਮੀਡੀਆ ਉਪਰ ਹੀ ਭੜਕ ਪੈਂਦੇ ਹਨ। ਸਿੱਧੇ ਤੌਰ ਤੇ ਕਹਿ ਲਈਏ ਤਾਂ, ਇਹ ਟ੍ਰੈਫਿਕ ਪੁਲਿਸ ਹੀ ਸਭ ਤੋਂ ਵੱਡੀ ਸਿਰਦਰਦ ਚੰਡੀਗੜ੍ਹ ਵਾਸੀਆਂ ਦੀ ਬਣੀ ਹੋਈ ਹੈ, ਜਿਹੜੀ ਲੋਕਾਂ ਨੂੰ ਟ੍ਰੈਫਿਕ ਤੋਂ ਨਿਜਾਤ ਦਿਵਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਰੋਜ਼ ਵਾਪਰ ਰਹੀਆਂ ਲੁੱਟਖੋਹ, ਗੋਲੀ ਚੱਲਣ ਤੋਂ ਇਲਾਵਾ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਚੰਡੀਗੜ੍ਹ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਸਿਰਫ਼ ਤੇ ਸਿਰਫ਼ ਪੁਲਿਸ ਦੇ ਵੱਲੋਂ ਨਾਕਿਆਂ ਤੇ ਖੜ੍ਹ ਕੇ ਚਲਾਨ ਹੀ ਕੱਟੇ ਜਾਂਦੇ ਹਨ, ਜਦੋਂਕਿ ਸਭ ਤੋਂ ਸੁਰੱਖਿਅਤ ਅਤੇ ਸਖ਼ਤ ਪਹਿਰੇ ਵਾਲੀ ਜੇਲ੍ਹ ਦੇ ਮੂਹਰਲੇ ਪਾਸੇ ਕੋਈ ਨਾਕਾ ਜਾਂ ਫਿਰ ਬੈਰੀਕੇਡ ਹੀ ਨਹੀਂ ਲਗਾਇਆ ਜਾਂਦਾ।
ਮੋਹਾਲੀ ਦੇ ਰਹਿਣ ਵਾਲੇ ਅਤੇ ਰੋਜ਼ਾਨਾ ਚੰਡੀਗੜ੍ਹ ਆਪਣੇ ਦਫ਼ਤਰ ਆਉਣ ਵਾਲੇ ਕੁੱਝ ਕਰਮਚਾਰੀਆਂ ਨੇ ਦੱਸਿਆ, "ਸਵੇਰੇ 9:30 ਵਜੇ ਜਦੋਂ ਅਸੀਂ ਦਫ਼ਤਰ ਲਈ ਲੇਟ ਹੋ ਰਹੇ ਹੁੰਦੇ ਹਾਂ, ਉਸ ਸਮੇਂ ਟਰੈਫਿਕ ਵਿੱਚ ਫਸਣਾ ਬਹੁਤ ਪਰੇਸ਼ਾਨੀ ਭਰਿਆ ਹੁੰਦਾ ਹੈ। ਸੈਕਟਰ 33 ਅਤੇ 34 ਦੀ ਸੜਕ 'ਤੇ ਲਗਾਏ ਨਾਕੇ 'ਤੇ ਲੋਕ ਗੱਡੀਆਂ ਦੇ ਹੌਰਨ ਵਜਾਉਂਦੇ ਰਹਿੰਦੇ ਹਨ, ਪਰ ਪੁਲਿਸ ਵਾਲੇ ਸਿਰਫ਼ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਹਨ।" ਮੋਹਾਲੀ ਤੋਂ ਚੰਡੀਗੜ੍ਹ ਐਂਟਰੀ ਪੁਆਇੰਟ 'ਤੇ ਇਹੋ ਜਿਹਾ ਹੀ ਹਾਲ ਹੈ। ਬਾਰਡਰ ਉੱਪਰ ਚੈਕਿੰਗ ਦੇ ਨਾਮ 'ਤੇ ਚੰਡੀਗੜ੍ਹ ਵਾਸੀਆਂ ਨੂੰ ਹੀ ਪ੍ਰੇਸ਼ਾਨ ਕੀਤਾ ਜਾਂਦਾ ਹੈ। ਸ਼ਹਿਰ ਦੇ ਨਿਵਾਸੀਆਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਪੁਲਿਸ ਕਰਮਚਾਰੀ ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਬੈਰੀਕੇਡਾਂ ਨੂੰ ਸੜਕ ਦੇ ਵਿਚਕਾਰ ਹੀ ਛੱਡ ਕੇ ਚਲੇ ਜਾਂਦੇ ਹਨ। ਸਵੇਰੇ 9 ਵਜੇ ਤੋਂ ਬਾਅਦ ਵੀ ਇਹ ਬੈਰੀਕੇਡ ਸੜਕਾਂ ਦੇ ਵਿਚਕਾਰ ਲਾਵਾਰਿਸ ਪਏ ਰਹਿੰਦੇ ਹਨ। ਚੰਡੀਗੜ੍ਹ-ਮੋਹਾਲੀ ਬਾਰਡਰ (ਬੁੜੈਲ ਜੇਲ੍ਹ), ਚੰਡੀਗੜ੍ਹ-ਜ਼ੀਰਕਪੁਰ ਬਾਰਡਰ 'ਤੇ ਸੀ.ਆਰ.ਪੀ.ਐੱਫ. ਪਿਕਟ ਕੋਲ ਲਗਾਏ ਗਏ ਬੈਰੀਕੇਡ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਇਸ ਤੋਂ ਇਲਾਵਾ ਸੈਕਟਰ 17, ਸੈਕਟਰ 22, ਸੈਕਟਰ 35 ਅਤੇ ਸੈਕਟਰ 51-52 ਲਾਈਟ ਪੁਆਇੰਟ 'ਤੇ ਲਗਾਏ ਗਏ ਨਵੇਂ ਬੈਰੀਕੇਡ ਵੀ ਆਮ ਜਨਤਾ ਲਈ ਵੱਡੀ ਸਮੱਸਿਆ ਬਣ ਚੁੱਕੇ ਹਨ।
- Download Babushahi App
-
-