ਗੰਭੀਰ ਬਿਮਾਰੀ ਵਾਲੇ ਮਰੀਜਾਂ ਨੂੰ ਅਰਾਮ ਅਤੇ ਸਹਾਰਾ ਦੇਣ ਲਈ ਦਿੱਤੀ ਜਾਂਦੀ ਸਿਹਤ ਕਰਮੀਆਂ ਨੂੰ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ , 6 ਮਈ 2026 : ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੈਨਸਪੋਰਟ(ਐਨ.ਜੀ.ਓ) ਦੇ ਸਹਿਯੋਗ ਨਾਲ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਪੈਲੀਏਟਿਵ ਕੇਅਰ ਸਬੰਧੀ ਸੈਕਿੰਡ ਫੇਸ ਦੀ ਪੰਜ ਦਿਨਾਂ ਟ੍ਰੇਨਿੰਗ ਕਰਵਾਈ ਗਈ । ਇਹ ਟ੍ਰੇਨਿੰਗ ਕੈਨਸਪੋਰਟ(ਐਨ.ਜੀ.ਓ) ਦੇ ਮਾਹਰ ਡਾਕਟਰ ਰਵਿੰਦਰ ਮੋਹਨ ਅਤੇ ਕੌਸਲਰ ਪਾਲੀਕਾ ਵੱਲੋਂ ਕਰਵਾਈ ਜਾ ਰਹੀ ਹੈ । ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਨੇ ਦੱਸਿਆ ਕਿ ਪੈਲੀਏਟਿਵ ਕੇਅਰ ਗੰਭੀਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਜ਼ਰੀਏ ਮਰੀਜ਼ਾਂ ਦੇ ਦਰਦ ਨੂੰ ਘਟਾਉਣ, ਉਨ੍ਹਾਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਨੂੰ ਆਰਾਮਦਾਇਕ ਜੀਵਨ ਪ੍ਰਦਾਨ ਕਰਨ ਲਈ ਸਹਾਇਤਾ ਦਿੱਤੀ ਜਾਂਦੀ ਹੈ। ਟ੍ਰੇਨਿੰਗ ਦੌਰਾਨ ਡਾਕਟਰਾਂ, ਸਟਾਫ ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਪੈਲੀਏਟਿਵ ਕੇਅਰ ਦੀ ਸੰਕਲਪਨਾ, ਮਰੀਜ਼ਾਂ ਦੀ ਦੇਖਭਾਲ, ਦਰਦ ਪ੍ਰਬੰਧਨ, ਮਾਨਸਿਕ ਸਹਾਇਤਾ ਅਤੇ ਪਰਿਵਾਰਕ ਸਹਿਯੋਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟ੍ਰੇਨਿੰਗ ਵਿੱਚ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ, ਲੰਬੇ ਸਮੇਂ ਦੀਆਂ ਬਿਮਾਰੀਆਂ ਅਤੇ ਬੁਜ਼ੁਰਗ ਮਰੀਜ਼ਾਂ ਦੀ ਸੰਭਾਲ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਦਾ ਮੁੱਖ ਉਦੇਸ਼ ਸਿਹਤ ਕਰਮਚਾਰੀਆਂ ਦੀ ਸਮਰੱਥਾ ਵਿੱਚ ਵਾਧਾ ਕਰਨਾ ਹੈ ਤਾਂ ਜੋ ਉਹ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰ ਸਕਣ। ਇਸ ਟ੍ਰੇਨਿੰਗ ਨਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ ਅਤੇ ਮਰੀਜ਼ਾਂ ਨੂੰ ਵਧੀਆ ਇਲਾਜ ਅਤੇ ਸਹਾਇਤਾ ਮਿਲੇਗੀ ।
- Download Babushahi App
-
-