ਗੰਭੀਰ ਬਿਮਾਰੀ ਅਤੇ ਛੋਟੇ ਬੱਚੇ ਵਾਲੀਆਂ ਅਧਿਆਪਕਾਵਾਂ ਦੀ ਚੋਣ ਡਿਊਟੀ ਨਾ ਲਾਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 3 ਦਸੰਬਰ 2025 : ਡੈਮੋਕਰੇਟਿਕ ਟੀਚਰਸ ਫਰੰਟ ਪੰਜਾਬ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਜਿੱਥੇ ਤੱਕ ਸੰਭਵ ਹੋ ਸਕੇ ਔਰਤ ਕਰਮਚਾਰੀਆਂ, ਗੰਭੀਰ ਬਿਮਾਰੀਆਂ ਤੋਂ ਪੀੜਤ, ਕਪਲ ਕੇਸ ਅਤੇ ਛੋਟੇ ਬੱਚਿਆਂ ਵਾਲੀਆਂ ਅਧਿਆਪਕਾਵਾਂ ਦੀ ਡਿਊਟੀ ਨਾ ਲਗਾਉਣ ਦੀ ਮੰਗ ਕੀਤੀ ਹੈ। ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਜਿਲੇ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਚੋਣਾਂ ਸਿਰਫ ਪੇਂਡੂ ਖੇਤਰਾਂ ਵਿੱਚ ਹੋਣ ਕਾਰਨ ਜ਼ਿਆਦਾ ਕਰਮਚਾਰੀਆਂ ਦੀ ਜ਼ਰੂਰਤ ਨਹੀਂ ਹੋਵੇਗੀ।ਇਨ੍ਹਾਂ ਚੋਣਾਂ ਵਿੱਚ ਸਿਰਫ ਅਧਿਆਪਕਾਂ ਦੀ ਡਿਊਟੀ ਹੀ ਨਾ ਲਗਾਈ ਜਾਵੇ,ਸਗੋਂ ਸਾਰੇ ਵਿਭਾਗਾਂ ਤੋਂ ਕਰਮਚਾਰੀ ਡਿਊਟੀ ਤੇ ਲਗਾਏ ਜਾਣ ਅਤੇ ਇਹ ਚੋਣ ਡਿਊਟੀ ਕਰਮਚਾਰੀ ਦੇ ਸਬੰਧਤ ਬਲਾਕ ਵਿੱਚ ਲਗਾਈ ਜਾਵੇ ਤਾਂ ਜੋ ਕਿਸੇ ਵੀ ਕਰਮਚਾਰੀ ਨੂੰ ਇਹਨਾਂ ਚੋਣਾਂ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਜਥੇਬੰਦੀ ਮੀਤ ਪ੍ਰਧਾਨ ਵਿਕਾਸ ਗਰਗ, ਸਹਿ ਸਕੱਤਰ ਕੁਲਵਿੰਦਰ ਸਿੰਘ ਵਿਰਕ, ਵਿੱਤ ਸਕੱਤਰ ਅਨਿਲ ਭੱਟ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਕਿਹਾ ਕਿ ਹਰ ਵਾਰ ਚੋਣਾਂ ਵਿੱਚ ਚੋਣ ਡਿਊਟੀ ਸਮੇਂ ਇਹਨਾਂ ਪੀੜਤ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ |ਰਿਹਸਲ ਮੌਕੇ ਇਹ ਪੀੜਤ ਅਧਿਆਪਕ ਆਪਣੀ ਚੋਣ ਡਿਊਟੀ ਕਟਵਾਉਣ ਲਈ ਬੁਰੀ ਤਰਾਂ ਪ੍ਰੇਸ਼ਾਨ ਹੁੰਦੇ ਹਨ |ਬਲਾਕ ਆਗੂਆਂ ਭੋਲਾ ਰਾਮ, ਭੁਪਿੰਦਰ ਸਿੰਘ ਮਾਈਸਰਖਾਨਾ, ਰਾਜਵਿੰਦਰ ਜਲਾਲ, ਬਲਕਰਨ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਕਿਉ ਨਾ ਪਹਿਲਾਂ ਹੀ ਇਹਨਾਂ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦੇ ਦਿੱਤੀ ਜਾਵੇ|ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਇਹਨਾਂ ਪੀੜਤ ਅਧਿਆਪਕਾਂ ਤੋਂ ਡਿਊਟੀ ਕੱਟਣ ਸਮੇਂ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਜ਼ਿਲਾ ਕਮੇਟੀ ਮੈਂਬਰ ਰਣਦੀਪ ਕੌਰ ਖਾਲਸਾ ਅਤੇ ਬਲਜਿੰਦਰ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਚੋਣ ਡਿਊਟੀ ਲਈ ਡਾਟਾ ਭੇਜਣ ਸਮੇਂ ਹੀ ਇਹਨਾਂ ਅਧਿਆਪਕਾਂ ਨੂੰ ਵੈਰੀਫਾਈ ਕਰਕੇ ਇਹਨਾਂ ਦਾ ਡਾਟਾ ਚੋਣ ਡਿਊਟੀ ਲਈ ਨਾ ਭੇਜੇ|