ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿਖੇ ਪਾਠੀ ਸਿੰਘਾਂ ਲਈ ਆਧੁਨਿਕ ਰਿਹਾਇਸ਼ ਦਾ ਉਦਘਾਟਨ
ਪਾਠੀ ਸਿੰਘ ਦੀਆਂ ਸਹੂਲਤਾਂ ਅਤੇ ਸੁਖਾਵੇਂਂ ਜੀਵਨ ਲਈ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ: ਕਾਲਕਾ,ਕਾਹਲੋਂ
ਨਵੀਂ ਦਿੱਲੀ, 20 ਨਵੰਬਰ, 2026 (ਮਨਮੋਹਨ ਸਿੰਘ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿਖੇ ਪਾਠੀ ਸਿੰਘਾਂ ਲਈ ਆਧੁਨਿਕ ਸਹੂਲਤਾਂ ਵਾਲੀ ਨਵੀਂ ਰਿਹਾਇਸ਼ ਤਿਆਰ ਕਰਵਾਈ ਗਈ ਹੈ। ਇਹ ਪਵਿੱਤਰ ਅਸਥਾਨ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਕਰਕੇ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ।
ਇਸ ਰਿਹਾਇਸ਼ ਦਾ ਉਦਘਾਟਨ ਅੱਜ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਅਰਦਾਸ ਕਰਨ ਉਪਰੰਤ ਕੀਤਾ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਘਰਾਂ ਵਿੱਚ ਸੇਵਾ ਨਿਭਾਉਣ ਵਾਲੇ ਪਾਠੀ ਸਿੰਘਾਂ ਨੂੰ ਚੰਗੀਆਂ ਅਤੇ ਸੁਖਾਵੀਆਂ ਸਹੂਲਤਾਂ ਦੇਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਮੁੱਖ ਪਹਿਲ
ਹੈ। ਉਨਾਂ ਦਸਿਆ ਕਿ ਇਸ ਨਵੀਂ ਰਿਹਾਇਸ਼ ਨਾਲ ਪਾਠੀ ਸਿੰਘਾਂ ਨੂੰ ਰਹਿਣ ਲਈ ਆਰਾਮਦਾਇਕ ਮਾਹੌਲ ਮਿਲੇਗਾ ਅਤੇ ਉਹ ਹੋਰ ਵੀ ਇਕਾਗਰਤਾ ਨਾਲ ਗੁਰੂ ਘਰ ਦੀ ਸੇਵਾ ਨਿਭਾਅ ਸਕਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਵੇਂ ਆਗੂਆਂ ਨੇ ਕਿਹਾ ਕਿ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਲਈ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਅਤੇ ਗੁਰੂ ਘਰ ਦੀ ਸੇਵਾ ਲਈ ਕੀਤੇ ਜਾਂਦੇ ਅਜਿਹੇ ਕਾਰਜ ਸਿੱਖੀ ਸੇਵਾ ਅਤੇ ਸੇਵਾ-ਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
- Download Babushahi App
-
-