ਖੰਨਾ ਪੁਲਿਸ ਦੀ ਵੱਡੀ ਸਫਲਤਾ: ਵਪਾਰੀ 'ਤੇ ਗੋਲੀਆਂ ਚਲਾਉਣ ਅਤੇ ਵਸੂਲੀ ਕਰਨ ਵਾਲੇ ਗਿਰੋਹ ਦੇ 5 ਹੋਰ ਮੈਂਬਰ ਗ੍ਰਿਫਤਾਰ
ਭਾਰੀ ਅਸਲਾ ਬਰਾਮਦ
Ravinder Singh
ਖੰਨਾ, 25 ਅਪ੍ਰੈਲ, 2026
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ ਵਿੱਢੀ ਗਈ ਮੁਹਿੰਮ "ਗੈਂਗਸਟਰਾਂ ਤੇ ਵਾਰ" ਤਹਿਤ ਖੰਨਾ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਖੰਨਾ ਪੁਲਿਸ ਅਤੇ ਸੀ.ਪੀ. ਲੁਧਿਆਣਾ ਦੀ ਟੀਮ ਨੇ ਸਾਂਝੇ ਆਪਰੇਸ਼ਨ ਦੌਰਾਨ ਇੱਕ ਵਪਾਰੀ ਤੋਂ ਜਬਰੀ ਵਸੂਲੀ ਕਰਨ, ਧਮਕੀਆਂ ਦੇਣ ਅਤੇ ਫਾਇਰਿੰਗ ਕਰਨ ਵਾਲੇ ਗਿਰੋਹ ਦੇ 5 ਹੋਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਅਤਿਆਧੁਨਿਕ ਹਥਿਆਰਾਂ ਦਾ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਹੈ।
ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਅਗਵਾਈ ਵਿੱਚ ਚੱਲ ਰਹੀ ਇਸ ਮੁਹਿੰਮ ਤਹਿਤ ਪਾਇਲ ਦੀ ਦਾਣਾ ਮੰਡੀ ਵਿਖੇ ਵਪਾਰੀ ਹਰੀਸ਼ ਚੰਦਰ ਉਰਫ ਨੋਨਾ ਦੀ ਦੁਕਾਨ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਵਾਪਰੀ ਸੀ। ਇਸ ਸਬੰਧੀ ਥਾਣਾ ਪਾਇਲ ਵਿਖੇ ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ।
ਤਫਤੀਸ਼ ਦੌਰਾਨ ਪਹਿਲਾਂ ਹੀ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਅਗਲੇਰੀ ਕਾਰਵਾਈ ਕਰਦਿਆਂ ਹੇਠ ਲਿਖੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ:
ਮੁਹੰਮਦ ਸ਼ਫੀਕ (ਵਾਸੀ ਜੰਮੂ ਕਸ਼ਮੀਰ, ਹਾਲ ਵਾਸੀ ਡੇਹਲੋਂ)
ਮੁਹੰਮਦ ਰਫੀਕ (ਵਾਸੀ ਡੇਹਲੋਂ)
ਸ਼ਰੀਫ ਅਲੀ (ਵਾਸੀ ਰੋਪੜ)
ਹਰਦੀਪ ਸਿੰਘ ਉਰਫ ਲਾਡੀ ਉਰਫ ਆਜਾਦ ਬਾਬਾ (ਮੁੱਖ ਸਾਜ਼ਿਸ਼ਘਾੜਾ, ਜਿਸਨੇ ਫਾਇਰਿੰਗ ਲਈ ਪਿਸਟਲ ਮੁਹੱਈਆ ਕਰਵਾਏ ਸਨ)
ਰੌਬਿਨ (ਵਾਸੀ ਪਿੰਡ ਹਿਮਾਯੂੰਪੁਰਾ)
ਜ਼ਿਕਰਯੋਗ ਹੈ ਕਿ ਮੁਹੰਮਦ ਸ਼ਫੀਕ, ਮੁਹੰਮਦ ਰਫੀਕ ਅਤੇ ਸ਼ਰੀਫ ਅਲੀ ਨੇ ਮੁੱਖ ਦੋਸ਼ੀ ਹਰਦੀਪ ਸਿੰਘ ਨੂੰ ਲੁਕਣ ਲਈ ਪਨਾਹ ਦਿੱਤੀ ਸੀ।
ਬਰਾਮਦਗੀ
ਰੌਬਿਨ ਪਾਸੋਂ ਪੁਲਿਸ ਨੇ ਪਾਇਲ ਵਿਖੇ ਫਾਇਰਿੰਗ ਦੌਰਾਨ ਵਰਤੇ ਗਏ ਖਤਰਨਾਕ ਹਥਿਆਰ ਬਰਾਮਦ ਕੀਤੇ ਹਨ:
02 ਪਿਸਟਲ .32 ਬੋਰ (ਜਿਗਾਨਾ)
01 ਪਿਸਟਲ ਗਲੋਕ 9MM (ਸਮੇਤ 02 ਕਾਰਤੂਸ)
01 ਦੇਸੀ ਪਿਸਟਲ .30 ਬੋਰ (ਸਮੇਤ 10 ਕਾਰਤੂਸ)
01 ਦੇਸੀ ਪਿਸਟਲ .32 ਬੋਰ (ਸਮੇਤ 03 ਕਾਰਤੂਸ)
ਹਰਮਨਪ੍ਰੀਤ ਸਿੰਘ, ਉਪ ਕਪਤਾਨ ਪੁਲਿਸ, ਸਬ-ਡਿਵੀਜ਼ਨ ਪਾਇਲ ਨੇ ਦੱਸਿਆ ਕਿ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਨੈੱਟਵਰਕ ਅਤੇ ਹੋਰ ਅਹਿਮ ਖੁਲਾਸਿਆਂ ਦੇ ਸਬੰਧ ਵਿੱਚ ਜਾਂਚ ਜਾਰੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
Click to Follow Babushahi Facebook page →