ਖੇਤੀਬਾੜੀ ਵਿਭਾਗ ਬਠਿੰਡਾ ਨੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਕਰਵਾਇਆ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ
ਅਸ਼ੋਕ ਵਰਮਾ
ਬਠਿੰਡਾ, 27 ਨਵੰਬਰ : ਕਿਸਾਨ ਖੇਤੀ ਖਰਚੇ ਘੱਟ ਕਰਨ, ਵਧੇਰੇ ਝਾੜ ਅਤੇ ਆਮਦਨ ਵਿੱਚ ਵਾਧੇ ਲਈ ਹਮੇਸ਼ਾ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ਅਨੁਸਾਰ ਹੀ ਖੇਤੀ ਇੰਨਪੁਟਸ ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ। ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਥਾਨਕ ਲਾਰਡ ਰਾਮਾਂ ਹਾਲ, ਦਾਣਾ ਮੰਡੀ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫਸਲਾਂ ਸਬੰਧੀ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਮੌਕੇ ਕਿਸਾਨਾਂ ਨੂੰ ਡਿਜ਼ੀਟਲ ਪਲੇਟਫਾਰਮਾਂ ਰਾਹੀਂ ਬਾਜ਼ਾਰ ਦੀਆਂ ਕੀਮਤਾਂ, ਮੌਸਮ ਦੀਆਂ ਜਾਣਕਾਰੀਆਂ ਅਤੇ ਨਵੀਆਂ ਖੇਤੀ-ਨਵੀਂਕਰਨ ਤਕਨੀਕਾਂ ਨਾਲ ਹਰ ਵੇਲੇ ਅੱਪਡੇਟ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨ ਆਰਗੈਨਿਕ ਖੇਤੀ ਅਤੇ ਆਧੁਨਿਕ ਮਸ਼ੀਨਰੀ ਦੀ ਮਦਦ ਨਾਲ ਗੁਣਵੱਤਾ ਅਤੇ ਉਤਪਾਦਕਤਾ ਦੋਵੇਂ ਵਿੱਚ ਸੁਧਾਰ ਕਰ ਰਹੇ ਹਨ। ਇਨ੍ਹਾਂ ਆਧੁਨਿਕ ਤਰੀਕਿਆਂ ਨੇ ਕਿਸਾਨ ਦੀ ਸੋਚ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਕੈਂਪ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੁੱਲ 368 ਕੇਸ ਹੀ ਆਏ ਹਨ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਘੱਟ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ।
ਡਾ.ਹਰਬੰਸ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਮੇਲੇ ਵਿੱਚ ਆਏ ਹੋਏ ਮਹਿਮਾਨਾਂ ਅਤੇ ਕਿਸਾਨ ਭਰਾਵਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਕਿਸਾਨ ਹਿੱਤ ਵਿੱਚ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਅਤੇ ਨਵੀਂਆਂ ਉਤਪਾਦਨ ਤਕਨੀਕਾਂ ਲਈ ਇਹ ਜ਼ਿਲ੍ਹਾ ਪੱਧਰੀ, ਬਲਾਕ ਪੱਧਰੀ ਅਤੇ ਪਿੰਡ ਪੱਧਰੀ ਕਿਸਾਨ ਮੇਲੇ ਅਤੇ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਇਹੋ-ਜਿਹੇ ਤਕਨੀਕੀ ਜਾਣਕਾਰੀ ਭਰਪੂਰ ਕੈਂਪ ਵਿੱਚ ਭਾਗ ਲੈਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੀ.ਡੀ.ਪੀ. ਅਤੇ ਸਮੈਮ ਸਕੀਮਾਂ ਤਹਿਤ ਸਬਸਿਡੀ ਤੇ ਖੇਤੀ ਮਸ਼ੀਨਰੀ ਖਰੀਦਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਸ ਲਈ ਕਿਸਾਨ ਵਿਭਾਗ ਦੀ ਵੈਬਸਾਈਟ ਤੇ 5 ਦਸੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਇਸ ਮੌਕੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦੇਣ ਲਈ ਰਿਜਨਲ ਰਿਸਰਚ ਸੈਂਟਰ, ਕਿਸ਼ੀ ਵਿਗਿਆਨ ਕੇਂਦਰ ਅਤੇ ਐਫ.ਏ.ਐਸ.ਐਸ ਬਠਿੰਡਾ ਤੋਂ ਪਹੁੰਚੇ ਸਾਇੰਸਦਾਨਾਂ ਡਾ.ਹਰਜੀਤ ਸਿੰਘ ਨੇ ਹਾੜੀ ਦੀਆਂ ਫਸਲਾ ਵਿੱਚ ਨਦੀਨਾ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਡਾ.ਤੇਜਬੀਰ ਸਿੰਘ ਨੇ ਹਾੜੀ ਦੀਆਂ ਫਸਲਾਂ ਵਿੱਚ ਖਾਦਾਂ ਅਤੇ ਪਾਣੀ ਪ੍ਰਬੰਧਨ ਬਾਰੇ ਦੱਸਿਆ। ਡਾ.ਗੁਰਦੀਪ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਚੱਲ ਰਹੇ ਵੱਖ ਵੱਖ ਸਿਖਲਾਈ ਪ੍ਰੋਗਰਾਮਾ ਬਾਰੇ ਜਾਣਕਾਰੀ ਦਿੱਤੀ। ਡਾ.ਜਸਜਿੰਦਰ ਕੌਰ ਅਤੇ ਡਾ.ਰੁਪੇਸ਼ ਅਰੋੜਾ ਨੇ ਹਾੜੀ ਦੀਆਂ ਫਸਲਾ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਡਾ.ਨਵੀਨ ਗਰਗ ਨੇ ਸਰਦ ਰੁੱਤ ਵਿੱਚ ਸਬਜੀਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ, ਡਾ.ਨਵਜੋਤ ਕੌਰ ਅਤੇ ਡਾ. ਚੇਤਕ ਵਿਸ਼ਨੋਈ ਵੱਲੋਂ ਸਰਦ ਰੁੱਤ ਵਿੱਚ ਬਾਗਾਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।
ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਡਾ. ਰੀਨਾ ਗਰਗ , ਬਾਗਬਾਨੀ ਵਿਕਾਸ ਅਫਸਰ, ਬਠਿੰਡਾ ਨੇ ਸਾਂਝੀ ਕੀਤੀ।ਜ਼ਿਲ੍ਹਾ ਪੱਧਰੀ ਕਿਸਾਨ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਬਾਗਬਾਨੀ, ਪਸ਼ੂ-ਪਾਲਣ, ਮਾਰਕਫੈਡ, ਪੰਜਾਬ ਐਗਰੋ, ਸਿਹਤ ਵਿਭਾਗ ਅਤੇ ਜ਼ਿਲ੍ਹੇ ਦੇ ਖੇਤੀ ਜਿਣਸਾਂ ਤੋਂ ਉਤਪਾਦ ਬਣਾ ਕੇ ਵੇਚਣ ਵਾਲੇ ਕਿਸਾਨਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਕੈਂਪ ਦੌਰਾਨ ਸਟੇਜ ਸੰਚਾਲਨ ਡਾ. ਹਰਦੀਪ ਸਿੰਘ, ਖੇਤੀਬਾੜੀ ਅਫਸਰ (ਟਰੇਨਿੰਗ) ਅਤੇ ਡਾ.ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕੀਤਾ ਗਿਆ। ਡਾ. ਪ੍ਰਭਜੋਤ ਕੌਰ, ਜਿਲ੍ਹਾ ਸਿਖਲਾਈ ਅਫਸਰ, ਬਠਿੰਡਾ , ਡਾ. ਬਲਜਿੰਦਰ ਸਿੰਘ, ਭੂਮੀ ਪਰਖ ਅਫਸਰ, ਰਾਮਪੂਰਾ, ਡਾ. ਹਰਜਸਪਾਲ ਸ਼ਰਮਾ, ਬਲਾਕ ਖੇਤੀਬਾੜੀ ਅਫਸਰ, ਬਠਿੰਡਾ ਅਤੇ ਸ਼੍ਰੀਮਤੀ ਤੇਜਦੀਪ ਕੌਰ, ਪ੍ਰੋਜੈਕਟ ਡਾਇਰੈਕਟਰ ਆਤਮਾ, ਬਠਿੰਡਾ ਵੱਲੋਂ ਇਸ ਕੈਂਪ ਨੂੰ ਕਾਮਯਾਬ ਕਰਨ ਲਈ ਪੂਰਨ ਸਹਿਯੋਗ ਦਿੱਤਾ ਗਿਆ।
ਕੈਂਪ ਵਿੱਚ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਕਰਨ ਵਾਲੇ ਵੱਖ ਵੱਖ ਬਲਾਕਾਂ ਦੇ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ.ਦਵਿੰਦਰ ਸਿੰਘ ਸੰਧੂ, ਸਹਾਇਕ ਪੌਦਾ ਸੁਰੱਖਿਆ ਅਫਸਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।