ਕੇਵਲ ਢਿੱਲੋਂ ਦੀ ਅਗਵਾਈ 'ਚ ਸਮਰਸਤਾ ਸੰਕਲਪ ਯਾਤਰਾ ਦਾ ਮੋਹਾਲੀ ਪਹੁਚੰਣ 'ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ
ਯਾਤਰਾ ਦਾ ਮਕਸਦ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ : ਕੇਵਲ ਸਿੰਘ ਢਿੱਲੋਂ
ਪੰਜਾਬ ਦੇ 17 ਜ਼ਿਲ੍ਹਿਆਂ ਤੋਂ ਹੁੰਦੀ ਹੋਈ ਯਾਤਰਾ ਚੰਡੀਗੜ੍ਹ 'ਚ ਦਾਖ਼ਲ
ਮੋਹਾਲੀ, 22 ਨਵੰਬਰ - ਭਾਰਤੀ ਜਨਤਾ ਪਾਰਟੀ ਵੱਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੀ ਜਾ ਰਹੀ ਸਮਰਸਤਾ ਸੰਕਲਪ ਯਾਤਰਾ ਆਪਣੇ ਪੰਜਵੇਂ ਦਿਨ ਅੱਜ ਮੋਹਾਲੀ ਪਹੁੰਚੀ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੰਗਤ ਨੇ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਯਾਤਰਾ ਦਾ ਮੁੱਖ ਮਕਸਦ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਸਮਾਨਤਾ, ਭਾਈਚਾਰਕ ਸਾਂਝ ਤੇ ਸਮਰਸਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚੋਂ ਲੰਘਦੀ ਹੋਈ ਅਗਲੇ ਪੜਾਅ ਵੱਲ ਵਧ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯਾਤਰਾ ਦੀ ਰਸਮੀ ਸ਼ੁਰੂਆਤ ਵਾਰਾਨਸੀ ਤੋਂ ਹੋਵੇਗੀ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।
ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਫੇਜ਼-7, ਮੋਹਾਲੀ ਨੂੰ ਅਰਦਾਸ ਉਪਰੰਤ ਦੋ ਪਾਲਕੀ ਸਾਹਿਬ ਭੇਟ ਕੀਤੀਆਂ ਗਈਆਂ, ਜਿਸ ਮੌਕੇ ਸੰਗਤ ਵਿੱਚ ਭਾਰੀ ਸ਼ਰਧਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸਤੋਂ ਬਾਅਦ ਇਹ ਯਾਤਰਾ ਪੰਜਾਬ ਤੋਂ ਅੱਗੇ ਚੰਡੀਗੜ੍ਹ ਵਿੱਚ ਦਾਖ਼ਲ ਹੋਈ।
ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਕੌਮੀ ਪ੍ਰਧਾਨ ਸਿਵੇਸ ਕੁਮਾਰ, ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਤੇ ਰਾਜੇਸ਼ ਬਾਘਾ, ਸੂਰਜ ਭਾਰਦਵਾਜ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਆਭਾ ਬਾਂਸਲ, ਸਾਬਕਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਰਵੀਕਰਨ ਸਿੰਘ ਕਾਹਲੋਂ ਸਮੇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਵੱਡੀ ਗਿਣਤੀ ਵਿੱਚ ਭਾਜਪਾ ਆਗੂ, ਵਰਕਰ ਅਤੇ ਸੰਗਤ ਹਾਜ਼ਰ ਸੀ।
- Download Babushahi App
-
-