ਪੰਜਾਬ 'ਚ ਔਰਤਾਂ ਨੂੰ 1000-1500 ਰੁਪਏ ਦੇਣ ਦੀ ਯੋਜਨਾ ਕਦੋਂ ਤੋਂ ਹੋਵੇਗੀ ਲਾਗੂ- ਚੀਮਾ ਨੇ ਕੀਤਾ ਤਰੀਕ ਦਾ ਐਲਾਨ, ਪੜ੍ਹੋ ਵੇਰਵਾ
ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਐਲਾਨ; ਵਿਸਾਖੀ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਔਰਤਾਂ ਦੇ ਖਾਤਿਆਂ ਵਿੱਚ ਸਿੱਧੇ ਪਾਏ ਜਾਣਗੇ 1000-1500 ਰੁਪਏ
ਚੰਡੀਗੜ੍ਹ 8 ਮਾਰਚ 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦਿਆਂ ਔਰਤਾਂ ਲਈ ਸਭ ਤੋਂ ਵੱਡੀ ਖ਼ੁਸ਼ਖ਼ਬਰੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਮ ਬਾਲਗ ਔਰਤਾਂ ਨੂੰ ₹1,000 ਅਤੇ SC ਵਰਗ ਦੀਆਂ ਔਰਤਾਂ ਨੂੰ ₹1,500 ਪ੍ਰਤੀ ਮਹੀਨਾ ਵਿੱਤੀ ਸਹਾਇਤਾ ਸਕੀਮ ਦਾ ਰਸਮੀ ਆਰੰਭ ਆਉਣ ਵਾਲੀ ਵਿਸਾਖੀ ਦੇ ਸ਼ੁੱਭ ਦਿਹਾੜੇ ਤੋਂ ਹੋਣ ਜਾ ਰਿਹਾ ਹੈ।
ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਇਸ ਸਕੀਮ ਲਈ ਬਜਟ ਵਿੱਚ 9,300 ਕਰੋੜ ਰੁਪਏ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਇਹ ਸਕੀਮ ਸੂਬੇ ਦੀਆਂ ਲਗਭਗ 97% ਬਾਲਗ ਔਰਤਾਂ ਨੂੰ ਕਵਰ ਕਰੇਗੀ, ਜੋ ਕਿ ਆਪਣੇ ਆਪ ਵਿੱਚ ਇੱਕ ਵਿਸ਼ਵ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਪੈਸੇ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ (DBT) ਵਿੱਚ ਟ੍ਰਾਂਸਫਰ ਕੀਤੇ ਜਾਣਗੇ। ਇਸ ਦੇ ਨਾਲ ਹੀ ਪੈਨਸ਼ਨ ਲੈ ਰਹੀਆਂ ਬਜ਼ੁਰਗ ਅਤੇ ਵਿਧਵਾ ਔਰਤਾਂ ਨੂੰ ਵੀ ਇਸ ਯੋਜਨਾ ਦਾ ਵਾਧੂ ਲਾਭ ਮਿਲੇਗਾ।
"ਔਰਤਾਂ ਨੂੰ ਮਿਲੇਗਾ ਮਾਣ-ਸਤਿਕਾਰ"
ਵਿੱਤ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਵਿਸਾਖੀ ਦਾ ਦਿਨ ਪੰਜਾਬੀਆਂ ਲਈ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ, ਅਤੇ ਇਸੇ ਦਿਨ ਤੋਂ ਸਾਡੀਆਂ ਮਾਵਾਂ-ਭੈਣਾਂ ਨੂੰ ਆਰਥਿਕ ਤੌਰ 'ਤੇ ਆਜ਼ਾਦ ਕਰਨ ਦੀ ਮੁਹਿੰਮ ਸ਼ੁਰੂ ਹੋਵੇਗੀ। ਹੁਣ ਔਰਤਾਂ ਨੂੰ ਆਪਣੇ ਛੋਟੇ-ਮੋਟੇ ਖਰਚਿਆਂ ਲਈ ਕਿਸੇ ਦਾ ਮੂੰਹ ਨਹੀਂ ਦੇਖਣਾ ਪਵੇਗਾ।" ਸਰਕਾਰ ਜਲਦੀ ਹੀ ਇਸ ਸਕੀਮ ਲਈ ਰਜਿਸਟ੍ਰੇਸ਼ਨ ਪੋਰਟਲ ਅਤੇ ਕੈਂਪਾਂ ਦਾ ਵੇਰਵਾ ਸਾਂਝਾ ਕਰੇਗੀ। ਸਰਕਾਰੀ ਮੁਲਾਜ਼ਮਾਂ, ਸਾਬਕਾ ਵਿਧਾਇਕਾਂ ਅਤੇ ਇਨਕਮ ਟੈਕਸ ਭਰਨ ਵਾਲੇ ਪਰਿਵਾਰਾਂ ਨੂੰ ਛੱਡ ਕੇ ਬਾਕੀ ਸਾਰੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਯੋਗ ਹੋਣਗੀਆਂ।
Click to Follow Babushahi Facebook page →