ਐਚਐਮਈਐਲ ਸਦਕਾ ਰੋਜ਼ਗਾਰ ਤੋਂ ਆਤਮਨਿਰਭਰਤਾ ਵੱਲ ਸੈਲਫ ਹੈਲਪ ਗਰੁੱਪਾਂ ਵਿੱਚ ਸ਼ਾਮਿਲ ਪੇਂਡੂ ਔਰਤਾਂ
ਮਹਿਲਾ ਸਵੈ-ਸਹਾਇਤਾ ਸਮੂਹ ਤਿਆਰ ਕਰ ਰਹੇ ਹਨ 20,000 ਤੋਂ ਵੱਧ ਸਕੂਲ ਬੈਗ
ਅਸ਼ੋਕ ਵਰਮਾ
ਬਠਿੰਡਾ, 8 ਅਗਸਤ 2026 : ਸਮਾਵੇਸ਼ੀ ਅਤੇ ਟਿਕਾਊ ਭਾਈਚਾਰਕ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ, ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਪੇਂਡੂ ਔਰਤਾਂ ਨੂੰ ਆਰਥਿਕ ਤੌਰ ’ਤੇ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਇਸ ਪਹਿਲਕਦਮੀ ਤਹਿਤ ਰਿਫਾਈਨਰੀ ਦੇ ਆਸ-ਪਾਸ ਦੇ ਪਿੰਡਾਂ ਵਿੱਚ ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਉਦਯਮ-ਅਧਾਰਿਤ ਰੋਜ਼ਗਾਰ ਦੇ ਮੌਕਿਆਂ ਅਤੇ ਬਾਜ਼ਾਰ ਨਾਲ ਜੋੜਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਇਸੇ ਯਤਨ ਤਹਿਤ ਪੱਕਾ ਕਲਾਂ, ਗਿਆਣਾ, ਸੇਖੂ, ਕਮਾਲੂ, ਚੱਠਾ ਅਤੇ ਜੱਜਲ ਸਮੇਤ ਆਸ-ਪਾਸ ਦੇ ਹੋਰ ਪਿੰਡਾਂ ਦੇ ਲਗਭਗ 11 ਮਹਿਲਾ-ਅਗਵਾਈ ਵਾਲੇ ਸਵੈ-ਸਹਾਇਤਾ ਸਮੂਹਾਂ ਨੂੰ ਸਕੂਲ ਬੈਗ ਤਿਆਰ ਕਰਨ ਦੇ ਕੰਮ ਨਾਲ ਜੋੜਿਆ ਗਿਆ ਹੈ। ਇਨ੍ਹਾਂ ਸਮੂਹਾਂ ਵੱਲੋਂ 20,000 ਤੋਂ ਵੱਧ ਸਕੂਲ ਬੈਗ ਤਿਆਰ ਕੀਤੇ ਜਾ ਰਹੇ ਹਨ। ਇਸ ਪਹਿਲਕਦਮੀ ਰਾਹੀਂ ਮਹਿਲਾ ਸਮੂਹਾਂ ਲਈ ਲੱਖਾਂ ਰੁਪਏ ਦੀ ਆਮਦਨ ਪੈਦਾ ਹੋਣ ਦਾ ਅਨੁਮਾਨ ਹੈ।
ਇਹ ਪਹਿਲਕਦਮੀ ਪੇਂਡੂ ਔਰਤਾਂ ਲਈ ਸਿਰਫ਼ ਆਮਦਨ ਦਾ ਸਾਧਨ ਹੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਆਪਣੇ ਹੁਨਰ ਦੀ ਵਰਤੋਂ ਕਰਦਿਆਂ ਇੱਕ ਸੰਗਠਿਤ ਆਰਥਿਕ ਗਤੀਵਿਧੀ ਨਾਲ ਜੁੜਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦਾ ਮੌਕਾ ਵੀ ਪ੍ਰਦਾਨ ਕਰ ਰਹੀ ਹੈ।ਇਸ ਪਹਿਲਕਦਮੀ ਦੀ ਖਾਸ ਗੱਲ ਇਹ ਹੈ ਕਿ ਐਚਐਮਈਐਲ ਨੇ ਮਹਿਲਾਵਾਂ ਨੂੰ ਸਿਰਫ਼ ਸਿਖਲਾਈ ਅਤੇ ਉਤਪਾਦਨ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਉਨ੍ਹਾਂ ਦੇ ਉਤਪਾਦਾਂ ਲਈ ਸਥਾਈ ਬਾਜ਼ਾਰ ਉਪਲਬਧ ਕਰਵਾਉਣ ਵੱਲ ਵੀ ਮਹੱਤਵਪੂਰਨ ਕਦਮ ਚੁੱਕਿਆ ਹੈ।ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਜਾ ਰਹੇ ਸਕੂਲ ਬੈਗ ਐਚਐਮਈਐਲ ਵੱਲੋਂ 115 ਸਰਕਾਰੀ ਸਕੂਲਾਂ ਵਿੱਚ ਵੰਡੇ ਜਾਣਗੇ। ਇਸ ਨਾਲ ਇੱਕ ਪਾਸੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ, ਜਦਕਿ ਦੂਜੇ ਪਾਸੇ ਪੇਂਡੂ ਮਹਿਲਾ ਉਦਯਮੀਆਂ ਵੱਲੋਂ ਤਿਆਰ ਕੀਤੇ ਉਤਪਾਦਾਂ ਲਈ ਇੱਕ ਯਕੀਨੀ ਬਾਜ਼ਾਰ ਵੀ ਤਿਆਰ ਹੋਵੇਗਾ।
ਇਸ ਤਰ੍ਹਾਂ ਇਹ ਪਹਿਲਕਦਮੀ ‘ਰੋਜ਼ਗਾਰ ਸਿਰਜਣਾ’ ਅਤੇ ‘ਵਿਦਿਅਕ ਸਹਾਇਤਾ’ ਨੂੰ ਇੱਕ-ਦੂਜੇ ਨਾਲ ਜੋੜਦੀ ਹੈ। ਮਹਿਲਾਵਾਂ ਵੱਲੋਂ ਤਿਆਰ ਕੀਤੇ ਉਤਪਾਦ ਸਿੱਧੇ ਬੱਚਿਆਂ ਤੱਕ ਪਹੁੰਚਣਗੇ, ਜਿਸ ਨਾਲ ਸਥਾਨਕ ਪੱਧਰ ’ਤੇ ਉਤਪਾਦਨ, ਸਥਾਨਕ ਆਮਦਨ ਅਤੇ ਸਮਾਜਿਕ ਵਿਕਾਸ ਦਾ ਇੱਕ ਮਜ਼ਬੂਤ ਮਾਡਲ ਵਿਕਸਿਤ ਹੋ ਰਿਹਾ ਹੈ।ਸਵੈ-ਸਹਾਇਤਾ ਸਮੂਹਾਂ ਨਾਲ ਜੁੜ ਕੇ ਮਹਿਲਾਵਾਂ ਹੁਣ ਸਿਰਫ਼ ਘਰੇਲੂ ਜ਼ਿੰਮੇਵਾਰੀਆਂ ਤੱਕ ਸੀਮਿਤ ਨਾ ਰਹਿ ਕੇ ਆਰਥਿਕ ਗਤੀਵਿਧੀਆਂ ਵਿੱਚ ਵੀ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ। ਸਕੂਲ ਬੈਗ ਬਣਾਉਣ ਵਰਗੀਆਂ ਗਤੀਵਿਧੀਆਂ ਰਾਹੀਂ ਉਨ੍ਹਾਂ ਨੂੰ ਉਤਪਾਦਨ, ਗੁਣਵੱਤਾ, ਸਮਾਂ ਪ੍ਰਬੰਧਨ, ਟੀਮਵਰਕ ਅਤੇ ਕਾਰੋਬਾਰੀ ਸੰਚਾਲਨ ਵਰਗੇ ਵਿਹਾਰਕ ਹੁਨਰ ਸਿੱਖਣ ਦਾ ਮੌਕਾ ਮਿਲ ਰਿਹਾ ਹੈ।ਨਿਯਮਿਤ ਆਮਦਨ ਦੇ ਮੌਕਿਆਂ ਨਾਲ ਮਹਿਲਾਵਾਂ ਵਿੱਚ ਆਰਥਿਕ ਆਜ਼ਾਦੀ, ਫੈਸਲਾ ਲੈਣ ਦੀ ਸਮਰੱਥਾ ਅਤੇ ਆਤਮਵਿਸ਼ਵਾਸ ਵੀ ਮਜ਼ਬੂਤ ਹੋ ਰਿਹਾ ਹੈ। ਸਮੂਹ-ਅਧਾਰਿਤ ਕਾਰਜਪ੍ਰਣਾਲੀ ਉਨ੍ਹਾਂ ਨੂੰ ਮਿਲ ਕੇ ਕੰਮ ਕਰਨ, ਜ਼ਿੰਮੇਵਾਰੀਆਂ ਸਾਂਝੀਆਂ ਕਰਨ ਅਤੇ ਸਮੂਹਿਕ ਤੌਰ ’ਤੇ ਆਰਥਿਕ ਮੌਕਿਆਂ ਦਾ ਲਾਭ ਉਠਾਉਣ ਦੇ ਯੋਗ ਬਣਾ ਰਹੀ ਹੈ।
ਇਸ ਪਹਿਲਕਦਮੀ ਦਾ ਪ੍ਰਭਾਵ ਸਿਰਫ਼ 11 ਸਵੈ-ਸਹਾਇਤਾ ਸਮੂਹਾਂ ਤੱਕ ਸੀਮਿਤ ਨਹੀਂ ਹੈ। ਜਦੋਂ ਪੇਂਡੂ ਮਹਿਲਾਵਾਂ ਆਮਦਨ ਕਮਾਉਂਦੀਆਂ ਹਨ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਹੁੰਦੀਆਂ ਹਨ, ਤਾਂ ਇਸ ਦਾ ਸਕਾਰਾਤਮਕ ਪ੍ਰਭਾਵ ਉਨ੍ਹਾਂ ਦੇ ਪਰਿਵਾਰਾਂ ਅਤੇ ਪੂਰੇ ਭਾਈਚਾਰੇ ’ਤੇ ਵੀ ਪੈਂਦਾ ਹੈ। ਮਹਿਲਾਵਾਂ ਦੀ ਵੱਧ ਰਹੀ ਆਰਥਿਕ ਭਾਗੀਦਾਰੀ ਨਾਲ ਪਰਿਵਾਰ ਦੀ ਆਮਦਨ ਵਿੱਚ ਯੋਗਦਾਨ, ਬੱਚਿਆਂ ਦੀ ਸਿੱਖਿਆ, ਜੀਵਨ ਪੱਧਰ ਵਿੱਚ ਸੁਧਾਰ ਅਤੇ ਭਵਿੱਖ ਲਈ ਆਰਥਿਕ ਸੁਰੱਖਿਆ ਨੂੰ ਉਤਸ਼ਾਹ ਮਿਲਦਾ ਹੈ।
ਐਚਐਮਈਐਲ ਦੀ ਇਹ ਪਹਿਲਕਦਮੀ ਪੇਂਡੂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ, ਸਥਾਨਕ ਉਦਯਮਿਤਾ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਤੇ ਰੋਜ਼ਗਾਰ ਨੂੰ ਇੱਕ ਸਾਂਝੇ ਵਿਕਾਸ ਮਾਡਲ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਅਤੇ ਸਾਰਥਕ ਕਦਮ ਹੈ। ਇਹ ਪਹਿਲ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਜੇਕਰ ਮਹਿਲਾਵਾਂ ਨੂੰ ਹੁਨਰ, ਮੌਕਾ ਅਤੇ ਬਾਜ਼ਾਰ ਨਾਲ ਜੁੜਾਅ ਪ੍ਰਦਾਨ ਕੀਤਾ ਜਾਵੇ, ਤਾਂ ਉਹ ਨਾ ਸਿਰਫ਼ ਆਪਣੇ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰ ਸਕਦੀਆਂ ਹਨ, ਸਗੋਂ ਪੂਰੇ ਭਾਈਚਾਰੇ ਦੇ ਟਿਕਾਊ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
- Download Babushahi App
-
-