ਐਂਬੂਲੈਂਸ ਦੀ ਆੜ 'ਚ ਕਰ ਰਹੇ ਸੀ ਹੈਰੋਇਨ ਵੇਚਣ ਦਾ ਧੰਦਾ, ਤਿੰਨ ਗਿਰਫਤਾਰ
ਰੋਹਿਤ ਗੁਪਤਾ, ਗੁਰਦਾਸਪੁਰ
ਐਂਬੂਲੈਂਸ ਵਿਚੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਪੁਲਸ ਵਲੋਂ ਹੈਰੋਇਨ ਬਰਾਮਦ ਕਰਦਿਆਂ 3 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਹਲਾਂਵਾਲੀ 'ਦੇ ਪੁੱਲ 'ਤੇ ਇਕ ਸ਼ੱਕੀ ਹਾਲਤ ਵਿਚ ਖੜੀ ਐਂਬੂਲੈਂਸ ਨੰ.ਪੀ.ਬੀ.11ਸੀ.ਵੀ.7110 ਦਿਖਾਈ ਦਿੱਤੀ, ਜਿਸ ਦੀ ਚੈਕਿੰਗ ਕਰਨ 'ਤੇ ਐਂਬੂਲੈਂਸ ਦੀ ਪਿਛਲੀ ਸੀਟ 'ਤੇ ਤਿੰਨ ਨੌਜਵਾਨਾਂ ਨੂੰ ਬੈਂਚ ਦੇ ਉੱਪਰ ਕੰਪਿਊਟਰ ਕੰਡਾ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਦਿਖਾਈ ਦਿੱਤੇ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਮੌਕੇ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਨੌਜਵਾਨਾਂ ਨੇ ਕ੍ਰਮਵਾਰ ਆਪਣੇ ਨਾਮ ਗੁਰਵਿੰਦਰ ਸਿੰਘ ਵਾਸੀ ਕਾਹਲਾਂਵਾਲੀ, ਕੁਲਦੀਪ ਸਿੰਘ ਵਾਸੀ ਅਬਦਾਲ ਤੇ ਰੋਬਿਨ ਮਸੀਹ ਵਾਸੀ ਪਿੰਡ ਖਾਸਾ ਥਾਣਾ ਡੇਰਾ ਬਾਬਾ ਨਾਨਕ ਦੱਸੇ।
ਐਸਐਚਓ ਗੁਰਦਰਸ਼ਨ ਸਿੰਘ ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਉਕਤ ਵਿਚੋਂ ਗੁਰਵਿੰਦਰ ਸਿੰਘ ਕੋਲੋਂ 4 ਗ੍ਰਾਮ ਅਤੇ ਕੁਲਦੀਪ ਸਿੰਘ ਤੇ ਰੋਬਿਨ ਮਸੀਹ ਕੋਲੋਂ 3-3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਕਤ ਤਿੰਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਥਾਣੇ ਵਿਚ ਲਿਆਂਦਾ ਗਿਆ, ਜਿਥੇ ਇਨ੍ਹਾਂ ਤਿੰਨਾਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਉਕਤ ਐਂਬੂਲੈਂਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।