ਈ-ਫਾਰਮੇਸੀ ਦੇ ਵਿਰੋਧ ਵਿੱਚ ਭਾਰਤ ਬੰਦ ਦੇ ਸੱਦੇ ਤਹਿਤ ਬਠਿੰਡਾ ਰਹੇਗਾ ਮੁੰਕਮਲ ਬੰਦ: ਅਸ਼ੋਕ ਬਾਲਿਆਂਵਾਲੀ
ਕੈਮਿਸਟਾਂ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਸੌਂਪਿਆ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 9 ਮਈ 2026: ਈ-ਫਾਰਮੇਸੀ ਦੇ ਕਥਿਤ ਗੈਰ-ਕਾਨੂੰਨੀ ਸੰਚਾਲਨ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਮਨਮਾਨੀਆਂ ਨੀਤੀਆਂ ਦੇ ਖਿਲਾਫ ਦੇਸ਼ ਭਰ ਦੇ ਦਵਾਈ ਵਿਕਰੇਤਾਵਾਂ ਨੇ ਹੱਲਾ ਬੋਲ ਦਿੱਤਾ ਹੈ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇੱਕ ਮੰਗ ਪੱਤਰ ਸੌਂਪ ਕੇ ਪੁਰਜ਼ੋਰ ਮੰਗ ਕੀਤੀ ਹੈ ਕਿ ਕੈਮਿਸਟਾਂ ਦੀਆਂ ਇਨ੍ਹਾਂ ਗੰਭੀਰ ਚਿੰਤਾਵਾਂ ਨੂੰ ਤੁਰੰਤ ਕੇਂਦਰ ਸਰਕਾਰ ਦੇ ਸਨਮੁੱਖ ਉਠਾਇਆ ਜਾਵੇ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਏਆਈਓਸੀਡੀ ਦੀ ਅਗਵਾਈ ਹੇਠ 20 ਮਈ ਨੂੰ ਦੇਸ਼ ਭਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰੱਖੀਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨਾ ਗੋਇਲ, ਨਥਾਣਾ ਯੂਨਿਟ ਦੇ ਪ੍ਰਧਾਨ ਵਿਜੇਂਦਰ ਸ਼ਰਮਾ, ਹੋਲਸੇਲ ਦੇ ਸਾਬਕਾ ਪ੍ਰਧਾਨ ਦਰਸ਼ਨ ਜੋੜਾ ਅਤੇ ਰਾਮਾ ਯੂਨਿਟ ਦੇ ਪ੍ਰਧਾਨ ਰਾਜੀਵ ਗੋਸ਼ਾ ਮੌਜੂਦ ਸਨ।
ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਤੇ ਹੋਰ ਅਹੁਦੇਦਾਰਾਂ ਨੇ ਆਨਲਾਈਨ ਦਵਾਈ ਪਲੇਟਫਾਰਮਾਂ ‘ਤੇ ਹੇਠ ਲਿਖੇ ਗੰਭੀਰ ਸਵਾਲ ਉਠਾਏ ਹਨ, ਜਿਨ੍ਹਾਂ ਵਿਚ ਦੱਸਿਆ ਗਿਆ ਕਿ ਇਹ ਪਲੇਟਫਾਰਮ ਬਿਨਾਂ ਕਿਸੇ ਸਖ਼ਤ ਨਿਯਮਾਂ ਦੇ ਕੰਮ ਕਰ ਰਹੇ ਹਨ, ਜੋ ਲੋਕਾਂ ਦੀ ਸਿਹਤ ਲਈ ਘਾਤਕ ਹੈ।ਉਨ੍ਹਾਂ ਦੱਸਿਆ ਕਿ ਆਨਲਾਈਨ ਵਿਕਰੀ ਦੌਰਾਨ ਅਸਲ ਪਰਚੀਆਂ ਦੀ ਜਾਂਚ ਨਹੀਂ ਹੁੰਦੀ, ਜਿਸ ਕਾਰਨ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਵਧ ਰਹੀ ਹੈ। ਫਾਰਮਾਸਿਸਟ ਅਤੇ ਮਰੀਜ਼ ਵਿੱਚ ਸਿੱਧਾ ਰਾਬਤਾ ਨਾ ਹੋਣ ਕਾਰਨ ਨਕਲੀ ਦਵਾਈਆਂ ਦਾ ਜੋਖਮ ਬਣਿਆ ਰਹਿੰਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਪਰਚੀਆਂ ‘ਤੇ ਪਾਬੰਦੀਸ਼ੁਦਾ ਦਵਾਈਆਂ ਵੇਚੀਆਂ ਜਾ ਰਹੀਆਂ ਹਨ।
ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਵੱਡੇ ਕਾਰਪੋਰੇਟ ਘਰਾਣੇ ਭਾਰੀ ਛੋਟਾਂ ਰਾਹੀਂ ਛੋਟੇ ਕੈਮਿਸਟਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਛੋਟੇ ਕੈਮਿਸਟ ਖ਼ਤਮ ਹੋ ਗਏ ਤਾਂ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ।ਉਨ੍ਹਾਂ ਕੈਮਿਸਟਾਂ ਦੀਆਂ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਫਾਰਮੇਸੀ ਦੇ ਗੈਰ-ਕਾਨੂੰਨੀ ਸੰਚਾਲਨ ‘ਤੇ ਤੁਰੰਤ ਰੋਕ ਲਗਾਈ ਜਾਵੇ, ਕੋਵਿਡ-19 ਦੌਰਾਨ ਜਾਰੀ ਨੋਟੀਫਿਕੇਸ਼ਨ ਜੀਐੱਸਆਰ 220 (ਈ) ਨੂੰ ਵਾਪਸ ਲਿਆ ਜਾਵੇ, ਛੋਟੇ ਵਪਾਰੀਆਂ ਦੇ ਬਚਾਅ ਲਈ ਕਾਰਪੋਰੇਟਾਂ ਦੀਆਂ ਮਨਮਾਨੀਆਂ ਨੀਤੀਆਂ ‘ਤੇ ਨੱਥ ਪਾਈ ਜਾਵੇ। ਇਸ ਮੌਕੇ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਨੇ ਦਖਲ ਨਾ ਦਿੱਤਾ ਤਾਂ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਦੀ ਅਗਵਾਈ ਹੇਠ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
- Download Babushahi App
-
-