ਇਸਤਰੀ ਜਾਗ੍ਰਿਤੀ ਮੰਚ ਨੇ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ
- ਔਰਤਾਂ ਨੂੰ ਜਥੇਬੰਦ ਹੋਕੇ ਤਿੱਖੇ ਸੰਘਰਸ਼ ਲੜਨ ਦਿੱਤਾ ਸੱਦਾ ਪ੍ਰਮੋਦ ਭਾਰਤੀ
ਨਵਾਂਸ਼ਹਿਰ 08 ਮਾਰਚ 2026
ਅੱਜ ਇਸਤਰੀ ਜਾਗ੍ਰਿਤੀ ਮੰਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਜਿਲਾ ਪੱਧਰੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਦਵਿੰਦਰ ਕੌਰ ਨਵਾਂਸ਼ਹਿਰ, ਗੁਰਦੇਵ ਕੌਰ ਉੜਾਪੜ ਅਤੇ ਰਾਜਵਿੰਦਰ ਕੌਰ ਕੱਟ ਨੇ ਕੀਤੀ ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੰਚ ਦੇ ਸੂਬਾਈ ਆਗੂ ਹਰਦੀਪ ਕੌਰ ਕੋਟਲਾ,ਜਿਲਾ ਕਮੇਟੀ ਮੈਂਬਰ ਰਣਜੀਤ ਕੌਰ ਮਹਿਮੂਦਪੁਰ, ਸੰਤੋਸ਼ ਕੁਮਾਰੀ ਕੁਰਲ, ਸੁਰਜੀਤ ਕੌਰ ਓਟਾਲ ਡਾਕਟਰ ਸੰਘਾ ਗੁਰਬਖਸ਼ ਕੌਰ,ਅਤੇ ਕਿਰਨਜੀਤ ਕੌਰ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਹੋਂਦ ਪਛਾਨਣ, ਨਵੇਂ ਰਾਹਾਂ ਦੇ ਰਾਹੀਂ ਬਣਨ ਲਈ, ਔਰਤਾਂ ਉੱਤੇ ਹੋ ਰਹੇ ਚੌਤਰਫਾ ਹਮਲਿਆਂ ਦਾ ਟਾਕਰਾ ਕਰਨ ਲਈ ਜਥੇਬੰਦ ਹੋਣਾ ਤੇ ਸੰਘਰਸ਼ ਕਰਨਾ ਜਰੂਰੀ ਹੈ।ਉਹਨਾਂ ਕਿਹਾ ਕਿ ਅੱਜ ਦਾ ਦਿਨ ਔਰਤ ਵਰਗ ਲਈ ਬੜਾ ਗੌਰਵਮਈ ਦਿਹਾੜਾ ਹੈ।ਔਰਤ ਵਰਗ ਨਾਲ ਅੱਜ ਵੀ ਸਮਾਜਿਕ, ਆਰਥਿਕ ਤੌਰ ਉੱਤੇ ਵਿਤਕਰੇ ਜਾਰੀ ਹਨ।ਲੜਕੀਆਂ ਦੀ ਪਾਲਣਾ, ਪੜ੍ਹਾਈ ਅਤੇ ਮਿਹਨਤ ਸ਼ਕਤੀ ਦੇ ਮੁੱਲ ਵਿਚ ਮਰਦਾਂ ਦੇ ਮੁਕਾਬਲੇ ਢੇਰ ਸਾਰੇ ਵਿਤਕਰੇ ਹਨ।ਹਿੰਸਾ, ਘਰੇਲੂ ਹਿੰਸਾ, ਬਲਾਤਕਾਰ, ਛੇੜਛਾੜ ਦੇ ਰੂਪ ਵਿਚ ਔਰਤ ਹਰ ਰੋਜ਼ ਜਬਰ ਸਹਿ ਰਹੀ ਹੈ।ਦਹੇਜ ਦਾ ਕੋਹੜ ਸਮਾਜ ਅੰਦਰ ਅਜੇ ਵੀ ਪਸਰਿਆ ਹੋਇਆ ਹੈ।ਔਰਤ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਲੋੜ ਹੈ।ਉਹਨਾਂ ਮੋਦੀ ਸਰਕਾਰ ਉੱਤੇ ਵਰ੍ਹਦੇ ਹੋਏ ਕਿਹਾ ਕਿ ਇਹ ਸਰਕਾਰ ਔਰਤ ਵਿਰੋਧੀ, ਧਾਰਮਿਕ ਘੱਟ ਗਿਣਤੀਆਂ ਵਿਰੋਧੀ, ਜਮਹੂਰੀ ਹੱਕਾਂ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਸਰਕਾਰ ਹੈ।ਸਰਕਾਰ ਦਾ ਅਲੋਚਕ ਹਰ ਵਿਅਕਤੀ ਅਤੇ ਜਥੇਬੰਦੀ ਇਸ ਸਰਕਾਰ ਲਈ ਦੇਸ਼ ਧ੍ਰੋਹੀ ਹੈ।ਧਰਮ ਦੇ ਨਾਂਅ ਉੱਤੇ ਲੋਕਾਂ ਨੂੰ ਵੰਡਣਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਇਸਦਾ ਨਿਤ ਨੇਮ ਬਣ ਗਿਆ ਹੈ।ਇਸ ਸਰਕਾਰ ਦੇ ਰਾਜ ਵਿਚ ਔਰਤਾਂ ਦੀ ਅਸੁਰੱਖਿਆ ਵਧੀ ਹੈ ਅਤੇ ਇਸ ਸਰਕਾਰ ਨੇ ਬਲਾਤਕਾਰੀਆਂ, ਦੰਗੇ ਕਰਾਉਣ ਵਾਲਿਆਂ, ਭ੍ਰਿਸ਼ਟਾਚਾਰੀਆਂ ਦੀ ਹਮੇਸ਼ਾ ਪਿੱਠ ਥਾਪੜੀ ਹੈ।ਪੰਜਾਬ ਦੀ ਆਪ ਸਰਕਾਰ ਉੱਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਇਹ ਸਰਕਾਰ ਚੋਣਾਂ ਵਿਚ ਹਰ ਔਰਤ ਨੂੰ 1000 ਰੁਪਏ ਮਾਸਿਕ ਦੇਣ ਦਾ ਆਪਣਾ ਕੀਤਾ ਵਾਅਦਾ ਪੂਰਾ ਨਹੀਂ ਕਰ ਰਹੀ। ਉਹਨਾਂ ਔਰਤਾਂ ਦੀ ਇਤਿਹਾਸਕ ਭੂਮਿਕਾ ਦਾ ਜਿਕਰ ਕਰਦਿਆਂ ਕਿਹਾ ਕਿ ਇਤਿਹਾਸ ਵਿਚ ਵੱਡੀਆਂ ਵੱਡੀਆਂ ਸਮਾਜਿਕ, ਆਰਥਿਕ ਅਤੇ ਰਾਜਸੀ ਤਬਦੀਲੀਆਂ ਔਰਤਾਂ ਦੀ ਸ਼ਮੂਲੀਅਤ ਨਾਲ ਹੀ ਹੋਈਆਂ ਹਨ।ਜੋ ਔਰਤ ਦੀ ਸ਼ਮੂਲੀਅਤ ਬਗੈਰ ਸੰਭਵ ਹੀ ਨਹੀਂ ਸਨ।ਇਸ ਮੌਕੇ ,ਬਲਵਿੰਦਰ ਕੌਰ ਸਲੋਹ, ਹਰਬੰਸ ਕੌਰ ਨਵਾਂਸ਼ਹਿਰ ਅਤੇ ਪੂਜਾ ਨਵਾਂਸ਼ਹਿਰ ਨੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ,ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਜਾ ਰਹੇ ਹਮਲੇ ਬੰਦ ਕਰਨ, ਵਿਕਸਤ ਭਾਰਤ ਜੀ ਰਾਮ ਜੀ ਦੀ ਥਾਂ ਮਗਨਰੇਗਾ ਕਾਨੂਨ ਲਾਗੂ ਕਰਨ,ਚਾਰ ਕਿਰਤ ਕੋਡ ਰੱਦ ਕਾਰਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਮਤੇ ਪਾਸ ਕੀਤੇ ਗਏ।ਮੰਚ ਸੰਚਾਲਨ ਰੁਪਿੰਦਰ ਕੌਰ ਦੁਰਗਾਪੁਰ ਨੇ ਕੀਤਾ।ਇਸ ਮੌਕੇ ਬਲਬੀਰ ਕੌਰ ਸੰਘਾ,ਸਾਰਾ ਸਿੱਧੂ, ਰੇਣੂੰ ਬਾਲਾ ਗੁਰਬਖਸ਼ ਕੌਰ ਬੈਂਸ ਆਗੂ ਵੀ ਮੌਜੂਦ ਸਨ।
Click to Follow Babushahi Facebook page →