ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ 'ਤੇ ਨਸਲੀ ਹਮਲਾ: 'ਭਾਰਤੀ ਕੁੱਤਾ' ਕਹਿ ਕੇ ਤੋੜੀ ਨੱਕ, ਹਸਪਤਾਲ ਦਾਖ਼ਲ
ਮੈਲਬੌਰਨ/ਗੀਲੋਂਗ: 19 ਫਰਵਰੀ, 2026
ਆਸਟ੍ਰੇਲੀਆ ਦੇ ਮੈਲਬੌਰਨ ਨੇੜਲੇ ਸ਼ਹਿਰ ਗੀਲੋਂਗ ਵਿੱਚ ਪੰਜਾਬੀ ਮੂਲ ਦੇ ਇੱਕ 22 ਸਾਲਾ ਨੌਜਵਾਨ 'ਤੇ ਬੇਹੱਦ ਸ਼ਰਮਨਾਕ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੇਸ਼ੇ ਤੋਂ ਨਰਸ ਹਰਮਨਪ੍ਰੀਤ ਸਿੰਘ 'ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਕੋਰੀਓ ਸਥਿਤ ਇੱਕ ਜਿਮ ਵਿੱਚ ਕਸਰਤ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਤਿੰਨ ਗੋਰੇ ਹਮਲਾਵਰਾਂ ਨੇ ਹਰਮਨਪ੍ਰੀਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਵਿਰੁੱਧ ਨਸਲੀ ਟਿੱਪਣੀਆਂ ਕੀਤੀਆਂ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿਮ ਦੇ ਅੰਦਰ ਹੀ ਤਿੰਨ ਵਿਅਕਤੀਆਂ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਜਦੋਂ ਉਹ ਜਿਮ ਤੋਂ ਬਾਹਰ ਨਿਕਲਿਆ ਤਾਂ ਉਹ ਉਸ ਦਾ ਇੰਤਜ਼ਾਰ ਕਰ ਰਹੇ ਸਨ। ਹਮਲਾਵਰਾਂ ਨੇ ਉਸ ਨੂੰ "ਭਾਰਤੀ ਕੁੱਤਾ" (Indian Dog) ਕਹਿ ਕੇ ਬੁਲਾਇਆ ਅਤੇ ਚੀਕਦੇ ਹੋਏ ਕਿਹਾ ਕਿ "ਤੂੰ ਜਿੱਥੋਂ ਆਇਆ ਹੈਂ, ਉੱਥੇ ਹੀ ਵਾਪਸ ਚਲਾ ਜਾ।" ਇਸ ਦੌਰਾਨ ਇੱਕ ਹਮਲਾਵਰ ਨੇ ਹਰਮਨਪ੍ਰੀਤ ਦੇ ਚਿਹਰੇ ਦੇ ਬਿਲਕੁਲ ਨੇੜੇ ਆ ਕੇ ਆਪਣੇ ਸਿਰ ਨਾਲ ਉਸ ਦੀ ਨੱਕ 'ਤੇ ਜ਼ੋਰਦਾਰ ਵਾਰ ਕੀਤਾ, ਜਿਸ ਨਾਲ ਉਸ ਦੀ ਨੱਕ ਦੀ ਹੱਡੀ ਟੁੱਟ ਗਈ ਅਤੇ ਭਾਰੀ ਖੂਨ ਵਹਿਣ ਲੱਗਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਹਾਲਤ ਵਿੱਚ ਸਥਾਨਕ ਲੋਕਾਂ ਨੇ ਹਰਮਨਪ੍ਰੀਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਸੱਟ ਕਾਫ਼ੀ ਗੰਭੀਰ ਹੈ ਅਤੇ ਨੱਕ ਦੀ ਸਰਜਰੀ ਕਰਨੀ ਪੈ ਸਕਦੀ ਹੈ। ਪੀੜਤ ਨੌਜਵਾਨ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਇਸ ਘਟਨਾ ਤੋਂ ਬਾਅਦ ਡੂੰਘੇ ਸਦਮੇ ਵਿੱਚ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੂੰ ਆਸਟ੍ਰੇਲੀਆ ਵਿੱਚ ਅਜਿਹੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੋਵੇ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਵਿਰੁੱਧ ਨਸਲੀ ਹਿੰਸਾ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜੁਲਾਈ 2025 ਵਿੱਚ ਵੀ ਐਡੀਲੇਡ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਅਮਨਪ੍ਰੀਤ ਸਿੰਘ 'ਤੇ ਪੰਜ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਭਾਰਤੀ ਕਾਰੋਬਾਰੀਆਂ ਦੀਆਂ ਦੁਕਾਨਾਂ ਅਤੇ ਧਾਰਮਿਕ ਸਥਾਨਾਂ, ਖਾਸ ਕਰਕੇ ਸਵਾਮੀਨਾਰਾਇਣ ਮੰਦਰ ਵਿੱਚ ਭੰਨ-ਤੋੜ ਦੀਆਂ ਖ਼ਬਰਾਂ ਨੇ ਵੀ ਪ੍ਰਵਾਸੀ ਭਾਰਤੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਤਾਜ਼ਾ ਹਮਲੇ ਨੇ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਭਾਰਤੀਆਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।