ਆਪ੍ਰੇਸ਼ਨ ਪ੍ਰਹਾਰ ਤਹਿਤ ਖੰਨਾ ਪੁਲਿਸ ਦਾ ਸਖ਼ਤ ਅਤੇ ਪ੍ਰਭਾਵਸ਼ਾਲੀ ਐਕਸ਼ਨ, 36 ਘੰਟਿਆਂ ਵਿੱਚ ਅਪਰਾਧ ਦੀ ਕਮਰ ਤੋੜੀ*
*ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਨੇ ਅਪਰਾਧੀਆਂ ਵਿੱਚ ਪੈਦਾ ਕੀਤਾ ਡਰ, ਆਮ ਲੋਕਾਂ ਦਾ ਭਰੋਸਾ ਜਿੱਤਿਆ*
*ਨਸ਼ਾ ਤਸਕਰੀ ਦੇ ਹੋਟਸਪੋਟ ਮੀਟ ਮਾਰਕੀਟ ਇਲਾਕੇ ਚ ਨਸ਼ਾ ਤਸਕਰਾਂ ਅਤੇ ਓਹਨਾਂ ਦੇ ਪਰਿਵਾਰਾਂ ਨੇ ਕੀਤੀ ਤੌਬਾ, ਹੱਥ ਬੰਨ੍ਹ ਕੇ ਬੋਲੇ - ਹੁਣ ਨਹੀਂ ਵੇਚਦੇ ਨਸ਼ਾ*
ਖੰਨਾ, 21 ਜਨਵਰੀ: (ਰਵਿੰਦਰ ਸਿੰਘ ਢਿੱਲੋਂ)
ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਪ੍ਰਹਾਰ' ਤਹਿਤ ਪੁਲਿਸ ਜ਼ਿਲ੍ਹਾ ਖੰਨਾ ਨੇ ਪਿਛਲੇ 36 ਘੰਟਿਆਂ ਦੌਰਾਨ ਅਜਿਹਾ ਜ਼ਬਰਦਸਤ ਐਕਸ਼ਨ ਕੀਤਾ ਹੈ, ਜੋ ਸਿਰਫ਼ ਖੰਨਾ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਇੱਕ ਮਿਸਾਲ ਬਣ ਗਿਆ ਹੈ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਸਖ਼ਤ, ਇਮਾਨਦਾਰ ਅਤੇ ਮੈਦਾਨੀ ਲੀਡਰਸ਼ਿਪ ਹੇਠ ਖੰਨਾ ਪੁਲਿਸ ਨੇ ਗੈਂਗਸਟਰਾਂ, ਨਸ਼ਾ ਤਸਕਰਾਂ, ਭਗੋੜਿਆਂ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਤੱਤਾਂ ‘ਤੇ ਕਰਾਰਾ ਵਾਰ ਕਰਦਿਆਂ ਅਪਰਾਧ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।
ਇਨ੍ਹਾਂ 36 ਘੰਟਿਆਂ ਦੌਰਾਨ ਖੰਨਾ ਪੁਲਿਸ ਵੱਲੋਂ ਕੁੱਲ 172 ਅਪਰਾਧੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵਿੱਚ ਖ਼ਤਰਨਾਕ ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਵੀ ਸ਼ਾਮਲ ਹਨ। ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਹੁਣ ਖੰਨਾ ਦੀ ਧਰਤੀ ‘ਤੇ ਅਪਰਾਧ ਅਤੇ ਅਪਰਾਧੀਆਂ ਲਈ ਕੋਈ ਥਾਂ ਨਹੀਂ। ਕਈ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਕਈਆਂ ਨੂੰ ਕਾਨੂੰਨ ਦੇ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ। ਇਸ ਤੋਂ ਇਲਾਵਾ ਛੇ ਭਗੋੜੇ ਅਪਰਾਧੀ ਵੀ ਪੁਲਿਸ ਦੀ ਪਕੜ ਵਿੱਚ ਆਏ, ਜੋ ਲੰਮੇ ਸਮੇਂ ਤੋਂ ਕਾਨੂੰਨ ਤੋਂ ਬਚਦੇ ਫਿਰ ਰਹੇ ਸਨ।
ਇਸ ਮੁਹਿੰਮ ਦੌਰਾਨ ਪੁਲਸ ਦੀ ਦਲੇਰੀ ਵਾਲਾ ਮਾਮਲਾ ਵੀ ਦੇਖਣ ਨੂੰ ਮਿਲਿਆ। ਗੈਂਗਸਟਰ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਗੋਲੀ ਐਸ.ਐਚ.ਓ ਆਕਾਸ਼ ਦੱਤ ਦੀ ਬੁਲੇਟ ਪ੍ਰੂਫ਼ ਜੈਕਟ ‘ਤੇ ਲੱਗੀ, ਜਿਸ ਨਾਲ ਵੱਡਾ ਜਾਨੀ ਨੁਕਸਾਨ ਟਲ ਗਿਆ। ਪੁਲਿਸ ਵੱਲੋਂ ਆਪਣੀ ਜਾਨ ਦੀ ਰੱਖਿਆ ਕਰਦਿਆਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ ਅਤੇ ਉਸਨੂੰ ਕਾਬੂ ਕਰ ਲਿਆ ਗਿਆ। ਐਸ.ਐਚ.ਓ ਦੀ ਇਹ ਬਹਾਦੁਰੀ ਅਤੇ ਡਿਊਟੀ ਪ੍ਰਤੀ ਨਿਭਾਇਆ ਗਿਆ ਫ਼ਰਜ਼ ਪੁਲਿਸ ਵਿਭਾਗ ਲਈ ਮਾਣ ਦੀ ਗੱਲ ਬਣ ਗਿਆ ਹੈ।
'ਆਪ੍ਰੇਸ਼ਨ ਪ੍ਰਹਾਰ' ਤਹਿਤ ਕੀਤੀ ਗਈ ਇਸ ਕਾਰਵਾਈ ਦੌਰਾਨ ਖੰਨਾ ਪੁਲਿਸ ਨੇ ਨਸ਼ੇ ਅਤੇ ਅਸਲੇ ਦੀ ਤਸਕਰੀ ਨੂੰ ਵੀ ਵੱਡਾ ਝਟਕਾ ਦਿੱਤਾ। ਭਾਰੀ ਮਾਤਰਾ ਵਿੱਚ ਹੈਰੋਇਨ, ਨਾਜਾਇਜ਼ ਪਿਸਤੌਲ, ਜ਼ਿੰਦਾ ਕਾਰਤੂਸ, ਨਸ਼ੇ ਦੀ ਕਮਾਈ ਦੀ ਰਕਮ ਅਤੇ ਗੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਅਪਰਾਧ ਵਿੱਚ ਵਰਤੀਆਂ ਗਈਆਂ ਕਾਰਾਂ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਅਪਰਾਧੀ ਨੈਟਵਰਕ ਨੂੰ ਕਮਜ਼ੋਰ ਕੀਤਾ ਹੈ।
ਇਸ ਮੁਹਿੰਮ ਦੀ ਸਭ ਤੋਂ ਵੱਡੀ ਕਾਮਯਾਬੀ ਲੁਧਿਆਣਾ ਸੈਂਟਰਲ ਜੇਲ੍ਹ ਵਿੱਚੋਂ ਚੱਲ ਰਹੇ ਨਸ਼ਾ ਤਸਕਰੀ ਦੇ ਗੰਭੀਰ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਚਾਰ ਕਿਲੋ ਹੈਰੋਇਨ ਦੇ ਕੇਸ ਨਾਲ ਜੁੜੀਆਂ ਬੈਕਵਰਡ ਅਤੇ ਫਾਰਵਰਡ ਲਿੰਕੇਜ ਖੰਗਾਲ ਕੇ, ਤਕਨੀਕੀ ਸਬੂਤ ਇਕੱਠੇ ਕਰਕੇ, ਜੇਲ੍ਹ ਦੇ ਅੰਦਰੋਂ ਚੱਲ ਰਹੇ ਨਸ਼ਾ ਰੈਕਟ ਨੂੰ ਬੇਨਕਾਬ ਕੀਤਾ ਗਿਆ। ਜੇਲ੍ਹ ਵਿੱਚੋਂ ਬਰਾਮਦ ਹੋਇਆ ਮੋਬਾਈਲ ਫ਼ੋਨ ਇਸ ਗੱਲ ਦਾ ਸਬੂਤ ਹੈ ਕਿ ਅਪਰਾਧੀ ਸਲਾਖਾਂ ਪਿੱਛੇ ਬੈਠ ਕੇ ਵੀ ਜੁਰਮ ਚਲਾ ਰਹੇ ਸਨ, ਜਿਸ ‘ਤੇ ਖੰਨਾ ਪੁਲਿਸ ਨੇ ਪੂਰੀ ਤਰ੍ਹਾਂ ਨਕੇਲ ਕੱਸੀ ਹੈ।
ਇਸ ਤੋਂ ਇਲਾਵਾ ਖੰਨਾ ਪੁਲਿਸ ਨੇ ਲੁਧਿਆਣਾ ਵਿੱਚ ਹੋਏ ਕਿਡਨੈਪਿੰਗ ਕੇਸ ਅਤੇ ਖੰਨਾ ਦੇ ਇਰਾਦਾ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ। ਨਾਲ ਹੀ ਕਈ ਆਰਮਜ਼ ਐਕਟ ਕੇਸਾਂ ਵਿੱਚ ਨਾਮਜ਼ਦ ਅਤੇ ਜਗਰਾਉਂ ਵਿੱਚ ਯਾਦਵਿੰਦਰ ਸਿੰਘ ਉਰਫ਼ ਯਾਦੀ ਦੇ ਘਰ ‘ਤੇ ਪੈਟਰੋਲ ਬੰਬ ਅਤੇ ਫਾਇਰਿੰਗ ਹਮਲੇ ਵਿੱਚ ਸ਼ਾਮਲ ਮੁਲਜ਼ਮ ਨੂੰ ਵੀ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਹੈ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਇਸ ਮੁਹਿੰਮ ਨੇ ਸਿਰਫ਼ ਅਪਰਾਧੀਆਂ ਨੂੰ ਹੀ ਨਹੀਂ ਡਰਾਇਆ, ਸਗੋਂ ਆਮ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਵੀ ਮਜ਼ਬੂਤ ਕੀਤਾ ਹੈ। ਲੋਕ ਖੁੱਲ੍ਹ ਕੇ ਕਹਿ ਰਹੇ ਹਨ ਕਿ ਅਜਿਹੀ ਸਖ਼ਤ ਅਤੇ ਇਮਾਨਦਾਰ ਪੁਲਿਸਿੰਗ ਨਾਲ ਹੀ ਸਮਾਜ ਨੂੰ ਨਸ਼ੇ ਅਤੇ ਅਪਰਾਧ ਤੋਂ ਮੁਕਤ ਕੀਤਾ ਜਾ ਸਕਦਾ ਹੈ। 'ਆਪ੍ਰੇਸ਼ਨ ਪ੍ਰਹਾਰ' ਤਹਿਤ ਖੰਨਾ ਪੁਲਿਸ ਦੀ ਇਹ 36 ਘੰਟਿਆਂ ਦੀ ਕਾਰਵਾਈ ਅਹਿਮ ਮੰਨੀ ਜਾ ਰਹੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਅਪਰਾਧੀਆਂ ਲਈ ਚੇਤਾਵਨੀ ਅਤੇ ਲੋਕਾਂ ਲਈ ਉਮੀਦ ਦੀ ਕਿਰਨ ਬਣੀ ਰਹੇਗੀ।
ਓਥੇ ਹੀ ਦੂਜੇ ਪਾਸੇ ਨਸ਼ਾ ਤਸਕਰੀ ਦੇ ਹੋਟਸਪੋਟ ਮੀਟ ਮਾਰਕੀਟ ਇਲਾਕੇ ਵਿੱਚ ਪੁਲਸ ਦੀ ਸਖ਼ਤ ਕਾਰਵਾਈ ਅਤੇ ਲਗਾਤਾਰ ਜਾਗਰੂਕਤਾ ਮੁਹਿੰਮ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਇਲਾਕੇ ਵਿੱਚ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਭ ਦੇ ਸਾਹਮਣੇ ਤੌਬਾ ਕਰਕੇ ਨਸ਼ੇ ਦੇ ਗਲਤ ਧੰਦੇ ਤੋਂ ਹੱਥ ਖਿੱਚਣ ਦਾ ਐਲਾਨ ਕੀਤਾ। ਹੱਥ ਬੰਨ੍ਹ ਕੇ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕਦੇ ਵੀ ਨਸ਼ਾ ਨਹੀਂ ਵੇਚਣਗੇ ਅਤੇ ਕਾਨੂੰਨ ਦਾ ਪੂਰਾ ਸਹਿਯੋਗ ਕਰਨਗੇ।
ਇਹ ਸਭ ਕੁਝ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਮਿਹਨਤ, ਸਖ਼ਤ ਨਿਗਰਾਨੀ ਅਤੇ ਇਮਾਨਦਾਰੀ ਦੀ ਸੁਚੱਜੀ ਰਣਨੀਤੀ ਦਾ ਨਤੀਜਾ ਹੈ। ਪੁਲਸ ਵੱਲੋਂ ਕੀਤੀਆਂ ਰੇਡਾਂ, ਲਗਾਤਾਰ ਚੈਕਿੰਗ ਅਤੇ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਨਾਲ ਨਸ਼ਾ ਤਸਕਰਾਂ ਵਿੱਚ ਡਰ ਦੇ ਨਾਲ ਨਾਲ ਸੁਧਾਰ ਦੀ ਸੋਚ ਵੀ ਪੈਦਾ ਹੋਈ ਹੈ। ਖੰਨਾ ਪੁਲਸ ਨੇ ਸਿਰਫ਼ ਸਜ਼ਾ ਨਹੀਂ, ਸਗੋਂ ਸਮਾਜ ਸੁਧਾਰ ਦਾ ਰਾਹ ਵੀ ਦਿਖਾਇਆ ਹੈ।
ਇਸ ਮੌਕੇ ਐਸ.ਐਸ.ਪੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਪੜ੍ਹਾਈ ਵੱਲ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਪੁਲਸ ਦੀ ਮਦਦ ਨਾਲ ਹੀ ਸਮਾਜ ਨਸ਼ਾ ਮੁਕਤ ਬਣ ਸਕਦਾ ਹੈ। ਲੋਕਾਂ ਨੇ ਵੀ ਪੁਲਿਸ ਦੀ ਇਸ ਮੁਹਿੰਮ ਦੀ ਭਰਪੂਰ ਤਾਰੀਫ਼ ਕੀਤੀ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।