ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਹੋਵੇਗਾ ਉੱਤਰੀ ਭਾਰਤ ਦਾ ਮੋਹਰੀ ਸ਼ਹਿਰ : ਕੁਲਵੰਤ ਸਿੰਘ
ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਟੀਮ ਨੂੰ ਸ਼ੁਭ ਇੱਛਾਵਾਂ ਦਿੱਤੀਆਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਫਰਵਰੀ:
ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਉੱਤਰੀ ਭਾਰਤ ਦਾ ਨੰਬਰ ਵਨ ਸ਼ਹਿਰ ਬਣੇਗਾ ਕਿਉਂਕਿ ਇੱਥੇ ਵੱਡੇ ਪੱਧਰ ‘ਤੇ ਸਰਬਪੱਖੀ ਵਿਕਾਸ ਹੋ ਰਿਹਾ ਹੈ ਅਤੇ ਟਰੈਫਿਕ ਸਮੱਸਿਆ ਦੇ ਹੱਲ ਲਈ ਇੰਡਸਟਰੀ ਏਰੀਏ ਨਾਲ ਸੰਬੰਧਿਤ ਸੜਕਾਂ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਗੱਲ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਉਹ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਵੱਲੋਂ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਉਨ੍ਹਾਂ ਦੱਸਿਆ ਕਿ ਇੰਡਸਟਰੀ ਏਰੀਏ ਦੀਆਂ ਸੜਕਾਂ ਨੂੰ ਆਪਸ ਵਿੱਚ ਜੋੜਨ ਤੋਂ ਬਾਅਦ ਏਅਰਪੋਰਟ ਰੋਡ ‘ਤੇ ਟਰੈਫਿਕ ਕੰਟਰੋਲ ਹੋਵੇਗਾ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਵਿਧਾਇਕ ਨੇ ਕਿਹਾ ਕਿ ਮੋਹਾਲੀ ਸ਼ਹਿਰ ਵਿੱਚ 10 ਚੌਂਕ ਬਣ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ 10 ਤੋਂ 15 ਹੋਰ ਚੌਂਕ ਬਣਾਏ ਜਾਣਗੇ, ਜਿਸ ਨਾਲ ਸ਼ਹਿਰ ਹੋਰ ਖੁੱਲ੍ਹਾ ਅਤੇ ਸੁਧਰੇ ਹੋਏ ਰੂਪ ਵਿੱਚ ਨਜ਼ਰ ਆਵੇਗਾ ਅਤੇ ਟਰੈਫਿਕ ਸਮੱਸਿਆ ਵੀ ਕਾਫ਼ੀ ਹੱਦ ਤੱਕ ਘਟੇਗੀ।
ਉਨ੍ਹਾਂ ਕਿਹਾ ਕਿ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ ਦੀ ਅਗਵਾਈ ਹੇਠ ਨਵੀਂ ਟੀਮ ਵਧਾਈ ਦੀ ਪਾਤਰ ਹੈ ਅਤੇ ਉਮੀਦ ਹੈ ਕਿ ਇਹ ਟੀਮ ਉਦਯੋਗਪਤੀਆਂ ਤੇ ਸਰਕਾਰ ਦਰਮਿਆਨ ਪੁੱਲ ਦਾ ਕੰਮ ਕਰੇਗੀ।
ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਉਦਯੋਗਪਤੀਆਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਦਾ ਸਥਾਈ ਹੱਲ ਕਰ ਰਹੀ ਹੈ। ਉਦਯੋਗ ਨਾਲ ਜੁੜੀਆਂ ਜ਼ਿਆਦਾਤਰ ਸੇਵਾਵਾਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਪ੍ਰਵਾਨਗੀਆਂ ਸਮੇਂ ਸਿਰ ਮਿਲ ਰਹੀਆਂ ਹਨ।
ਇਸ ਮੌਕੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ ਤੋਂ ਇਲਾਵਾ ਸਾਬਕਾ ਪ੍ਰਧਾਨ ਬਲਜੀਤ ਸਿੰਘ, ਕੇ.ਐਸ. ਮਾਹਲ, ਬਲਵੀਰ ਸਿੰਘ, ਹਰਿੰਦਰਪਾਲ ਸਿੰਘ ਬਿੱਲਾ, ਗੁਰਪ੍ਰਤਾਪ ਸਿੰਘ, ਗੁਰਚੇਤ ਸਿੰਘ, ਗੁਰਮੁਖ ਸਿੰਘ ਭਾਟੀਆ, ਜਨਰਲ ਸਕੱਤਰ ਰਾਕੇਸ਼ ਬਿੱਜ, ਪ੍ਰੋ. ਸਲੂਜਾ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ, ਤਰਲੋਚਨ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਸੁਖਚੈਨ ਸਿੰਘ, ਗੁਰਮੁਖ ਸਿੰਘ ਸੋਹਲ, ਹਰਮੇਸ਼ ਸਿੰਘ ਕੁੰਬੜਾ, ਬਿਕਰਮ ਸਿੰਘ ਅਤੇ ਰਾਜਿੰਦਰ ਪ੍ਰਸਾਦ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।