ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਹਲਕਾ ਪੂਰਬੀ ਦੇ ਵੇਰਕਾ ਵਿਖੇ ਹੁੰਦਲ ਪੈਲੇਸ ਵਿਖੇ ਵਿਸ਼ੇਸ਼ ਮੀਟਿੰਗ
Kulwinder Singh
ਅੰਮ੍ਰਿਤਸਰ 26 ਅਕਤੂਬਰ
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਵੇਰਕਾ ਵਿਖੇ ਸਥਿਤ ਹੁੰਦਲ ਪੈਲੇਸ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹਲਕਾ ਸੇਵਾਦਾਰ ਸ਼ਮਸ਼ੇਰ ਸਿੰਘ ਪੱਧਰੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਹੱਕਾਂ, ਹਿੱਤਾਂ, ਮੌਜੂਦਾ ਰਾਜਨੀਤਿਕ ਹਾਲਾਤ ਅਤੇ ਸੂਬੇ ਦੇ ਭਵਿੱਖ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਪੰਜਾਬ ਦੇ ਭਖਦੇ ਮਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ ਅਤੇ ਕਈ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਭਾਈ ਅਮਨਦੀਪ ਸਿੰਘ ਡੱਡੂਆਣਾ (ਪ੍ਰਧਾਨ, ਅੰਮ੍ਰਿਤਸਰ ਸ਼ਹਿਰੀ), ਡਾਕਟਰ ਬਰਿੰਦਰ ਸਿੰਘ, ਭਾਈ ਲਵਜੀਤ ਸਿੰਘ ਖਾਲਸਾ, ਸ੍ਰੀ ਸੁਖਰਾਜ ਸਿੰਘ ਸੁਲਤਾਨਵਿੰਡ, ਸ੍ਰੀ ਮਹਿੰਦਰਪਾਲ ਸਿੰਘ ਤੁੰਗ, ਭਾਈ ਪੰਜਾਬ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਜਗਜੀਤ ਸਿੰਘ ਅਤੇ ਭਾਈ ਮਨਜੀਤ ਸਿੰਘ ਸਮੇਤ ਹੋਰ ਸਾਥੀ ਮੌਜੂਦ ਸਨ। ਇਸ ਮੌਕੇ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਪੰਜਾਬ ਦੀ ਵਾਂਗਡੋਰ ਦਿੱਲੀ ਦੇ ਪਿੱਠੂਆਂ ਤੋਂ ਖੋਹ ਕੇ ਆਪਣੇ ਹੱਥਾਂ ਵਿੱਚ ਲੈਣ ਦਾ ਵੇਲਾ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ, ਹਿੱਤਾਂ ਅਤੇ ਸੂਬੇ ਦੇ ਭਵਿੱਖ ਦੀ ਰਾਖੀ ਲਈ ਇਕਜੁੱਟ ਹੋ ਕੇ ਅੱਗੇ ਆਉਣਾ ਪਵੇਗਾ। ਪੰਜਾਬ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ, ਲੋੜਾਂ ਅਤੇ ਮਸਲਿਆਂ ਨੂੰ ਕੇਂਦਰ ਵਿੱਚ ਰੱਖ ਕੇ ਚੱਲਣੀ ਚਾਹੀਦੀ ਹੈ, ਤਾਂ ਜੋ ਸੂਬੇ ਦੇ ਹਿੱਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੈਰਵੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਖ਼ਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਅੱਜ ਵੀ ਪੰਜਾਬ ਦੇ ਲੋਕ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ, ਨੌਜਵਾਨਾਂ ਦੇ ਭਵਿੱਖ, ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸੁਹਿਰਦ ਯਤਨਾਂ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਉਭਾਰਨ ਅਤੇ ਲੋਕਾਂ ਦੀ ਆਵਾਜ਼ ਬਣਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਮੀਟਿੰਗ ਦੌਰਾਨ ਹਾਜ਼ਰ ਸਾਥੀਆਂ ਨੇ ਵੀ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਮਸਲਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਸੁਚਾਰੂ ਬਣਾਉਣ ਅਤੇ ਲੋਕਾਂ ਨਾਲ ਸੰਪਰਕ ਵਧਾਉਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
- Download Babushahi App
-
-