ਪੰਡਿਤ ਮੋਹਨ ਲਾਲ ਗਰਲਜ ਕਾਲਜ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਗ਼ਦਰੀ ਗੁਲਾਬ ਕੌਰ ਅਤੇ ਇਰਾਨ ਜੰਗ ਵਿੱਚ ਮਰੀਆਂ ਵਿਦਿਆਰਥਣਾਂ ਨੂੰ ਦਿੱਤੀ ਸ਼ਰਧਾਂਜਲੀ
ਰੋਹਿਤ ਗੁਪਤਾ
ਗੁਰਦਾਸਪੁਰ 8 ਮਾਰਚ ਸੰਸਾਰ ਭਰ ਦੀਆਂ ਬਹਾਦੁਰ ਔਰਤਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਸੰਸਾਰ ਭਰ ਵਿੱਚ ਔਰਤਾਂ ਨੂੰ ਇਨਸਾਫ ਮਿਲਣ ਦਾ ਰਾਹ ਪੱਧਰਾ ਹੋਇਆ ਹੈ। ਪਰ ਸਾਮਰਾਜ ਦੇ ਪੈਰੋਕਾਰ ਅਣਹੱਕੀਆਂ ਜੰਗਾਂ ਸ਼ੁਰੂ ਕਰ ਕੇ ਵਿਸ਼ਵ ਭਰ ਦੀਆਂ ਔਰਤਾਂ ਨੂੰ ਸੰਕਟ ਵਿੱਚ ਪਾ ਰਹੇ ਹਨ। ਇਰਾਨ ਵਿੱਚ ਅਮਰੀਕੀ ਮਿਜ਼ਾਈਲਾਂ ਦਾ ਸ਼ਿਕਾਰ ਹੋਈਆਂ ਸਕੂਲੀ ਬੱਚੀਆਂ ਇਹਨਾਂ ਜੰਗਬਾਜ਼ਾਂ ਦੇ ਭੈੜੇ ਮਨਸੂਬਿਆਂ ਦੀ ਪ੍ਰਤੱਖ ਉਦਾਹਰਣ ਹਨ। ਪੰਡਿਤ ਮੋਹਨ ਲਾਲ ਗਰਲਜ ਕਾਲਜ ਗੁਰਦਾਸਪੁਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਵਲੋਂ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੁੱਖ ਬੁਲਾਰੇ ਅਨੁਹਾਰ ਕੌਰ ਨੇ ਆਪਣੇ ਭਾਸ਼ਣ ਵਿੱਚ ਔਰਤਾਂ ਦੇ ਸੰਘਰਸ਼ ਦੇ ਇਤਿਹਾਸ, ਮੌਜੂਦਾ ਸਮੇਂ ਵਿੱਚ ਔਰਤਾਂ ਦੀ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਦਸ਼ਾ ਅਤੇ ਦਿਸ਼ਾ ਤੇ ਚਾਨਣਾ ਪਾਇਆ। ਉਨ੍ਹਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਆਪਣੇ ਸਮਾਜਿਕ, ਧਾਰਮਿਕ, ਵਿੱਦਿਅਕ ਸਰੋਕਾਰਾਂ ਲਈ ਇੱਕ ਮੁੱਠ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਨੀਲਮ ਸ਼ਰਮਾ ਪ੍ਰਿੰਸੀਪਲ, ਅਤੇ ਡਾਕਟਰ ਜਗਜੀਵਨ ਲਾਲ ਨੇ ਕੀਤੀ। ਕਾਲਜ ਦੇ ਵੋਮੈਨ ਸੈਲ ਅਤੇ ਐਂਟੀ ਸੈਕਸੁਅਲ ਹਰਾਸਮੈਂਟ ਕਮੇਟੀ ਦੇ ਮੈਂਬਰ ਡਾਕਟਰ ਦਿਨੇਸ਼, ਡਾਕਟਰ ਰੁਪਿੰਦਰ ਕੌਰ, ਮਿਸ ਪਰਮਜੀਤ ਕੌਰ ਦੇ ਸਹਿਯੋਗ ਨਾਲ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮਹਾਨ ਦਿਵਸ਼ ਤੇ ਬੁਲਾਰਿਆਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ।
ਸਭਾ ਦੇ ਪ੍ਰੈਸ ਸਕੱਤਰ ਰਣਜੀਤ ਸਿੰਘ ਧਾਲੀਵਾਲ ਵੱਲੋਂ ਪ੍ਰੋਗਰਾਮ ਦੇ ਸ਼ੁਰੂਆਤ ਕਰਵਾਉਂਦਿਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ। ਅਤੇ ਇਰਾਨ ਵਿੱਚ ਅਮਰੀਕੀ ਮਿਜ਼ਾਈਲਾਂ ਦੀ ਖੂਨੀ ਭੇਟ ਚੜ੍ਹੀਆਂ ਸਕੂਲ ਬੱਚੀਆਂ ਅਤੇ ਆਜ਼ਾਦੀ ਦੇ ਸੰਗਰਾਮ ਵਿੱਚ ਕੁਰਬਾਨੀਆਂ ਦੇਣ ਵਾਲੀਆਂ ਬਹਾਦੁਰ ਔਰਤਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੇ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਗ਼ਦਰੀ ਗੁਲਾਬ ਕੌਰ, ਹਿੰਦੁਸਤਾਨ ਦੀ ਪਹਿਲੀ ਅਧਿਆਪਕਾ ਸਵਿਤਰੀ ਬਾਈ ਫੂਲੇ ਦੀਆਂ ਔਰਤਾਂ ਨੂੰ ਚੰਗੇਰੀ ਜ਼ਿੰਦਗੀ ਜਿਊਣ ਦੀ ਜਾਂਚ ਦੇਣ ਲਈ ਕੀਤੇ ਸੰਘਰਸ਼ਾਂ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮਾਲਵੇ ਦੇ ਸੰਗਰੂਰ ਜ਼ਿਲ੍ਹੇ ਦੀ ਪੈਦਾਇਸ਼ ਗ਼ਦਰੀ ਗੁਲਾਬ ਕੌਰ ਨੇ ਗ਼ਦਰੀ ਬਾਬਿਆਂ ਦੀ ਸਰਪ੍ਰਸਤੀ ਹੇਠ ਸਾਰਾ ਜੀਵਨ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੇ ਸੰਘਰਸ਼ਾਂ ਵਿੱਚ ਲਗਾ ਦਿੱਤਾ। ਉਨ੍ਹਾਂ ਦੇ ਵਾਰਸਾਂ ਵੱਲੋਂ ਇਹ ਦਿਨ ਗੁਲਾਬ ਕੌਰ ਦੀ ਸ਼ਤਾਬਦੀ ਦੇ ਸਮਾਗਮਾਂ ਮਨਾਇਆ ਜਾ ਰਿਹਾ ਹੈ।
ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਅਨੁਹਾਰ ਕੌਰ ਨੇ ਕਾਲਜ ਵਿਦਿਆਰਥਣਾਂ ਨੂੰ ਘਰ ਤੋਂ ਲੈ ਕੇ ਕੰਮ ਕਰਨ ਦੇ ਸਥਾਨਾਂ ਤੇ ਹੋ ਰਹੀਆਂ ਲੈਂਗਿਕ ਧੱਕੇਸ਼ਾਹੀਆਂ, ਬਲਾਤਕਾਰ, ਦਾ ਜ਼ਿਕਰ ਕਰਦਿਆਂ ਐਪਸ ਟੀਨ ਫਾਇਲਾਂ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਨਾਲ ਦਰਿੰਦਗੀ ਨਾਲ ਕੀਤੇ ਘਿਨੌਣੇ ਕਾਰਨਾਮਿਆਂ ਵਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਲਮ ਸ਼ਰਮਾ ਨੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅੱਗੇ ਤੋਂ ਵੀ ਇਹੋ ਜਿਹੇ ਜਾਣਕਾਰੀ ਭਰਪੂਰ ਪ੍ਰੋਗਰਾਮ ਕਰਵਾਉਣ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੈਡਮ ਬਿਮਲਾ ਦੇਵੀ ਨੇ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਮਜ਼ਦੂਰ ਔਰਤਾਂ ਦੇ ਦੁੱਖਾਂ ਤਕਲੀਫਾਂ ਤੇ ਚਾਨਣਾ ਪਾਉਂਦਿਆਂ ਸੰਸਾਰ ਦੀ ਅੱਧੀ ਆਬਾਦੀ ਨੂੰ ਭੋਗ ਦੀ ਵਸਤੂ ਬਣਾਉਣ ਦੀ ਸਦੀਆਂ ਤੋਂ ਚਲਦੀ ਆਈ ਰੀਤ ਨੂੰ ਬਦਲਣ ਲਈ ਇੱਕ ਮੁੱਠ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਸਕੂਲ ਮੈਨੇਜਮੈਂਟ ਕਮੇਟੀ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਵਲੋਂ ਮਿਸ ਅਨੁਹਾਰ ਕੌਰ ਨੂੰ ਸਨਮਾਨਿਤ ਕੀਤਾ ਗਿਆ।
Click to Follow Babushahi Facebook page →