ਖੰਨਾ ਪੁਲਸ ਜ਼ਿਲ੍ਹਾ ਅਧੀਨ ਮਾਛੀਵਾੜਾ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋ ਦਿਨਾਂ ਤੋਂ ਬਿਜਲੀ ਸਪਲਾਈ ਬੰਦ
ਪੜ੍ਹਨ ਆਏ ਛੋਟੇ-ਛੋਟੇ ਮਾਸੂਮ ਬੱਚੇ ਗਰਮੀ ’ਚ ਹੋ ਰਹੇ ਹਾਲੋ-ਬੇਹਾਲ
ਰਵਿੰਦਰ ਸਿੰਘ
ਖੰਨਾ, 17 ਜੁਲਾਈ 2026 - ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜਾ ਦੇ ਕੇ ਹਰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਮਾਛੀਵਾੜਾ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰਬਰ 3, ਜਿੱਥੇ ਪਿਛਲੇ 2 ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੈ ਅਤੇ ਪੜ੍ਹਨ ਆਏ ਛੋਟੇ-ਛੋਟੇ ਮਾਸੂਮ ਬੱਚੇ ਗਰਮੀ ਨਾਲ ਹਾਲੋ-ਬੇਹਾਲ ਹੋਏ ਦਿਖਾਈ ਦਿੱਤੇ। ਇਸ ਸਮੇਂ ਪੰਜਾਬ ਵਿਚ ਪੈ ਰਹੀ ਹੁੰਮਸ ਭਰੀ ਗਰਮੀ ਕਾਰਨ ਆਮ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਅਤੇ ਅੱਜ ਜਦੋਂ ਪੱਤਰਕਾਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਜਾ ਕੇ ਦੇਖਿਆ ਤਾਂ ਉੱਥੇ ਛੋਟੇ ਛੋਟੇ ਬੱਚੇ ਪੜ੍ਹਾਈ ਕਰ ਰਹੇ ਸਨ ਉੱਥੇ ਬਿਜਲੀ ਨਾ ਹੋਣ ਕਾਰਨ ਆਪਣੇ ਹੱਥਾਂ ਵਿਚ ਕਿਤਾਬਾਂ, ਕਾਪੀਆਂ ਫੜ੍ਹ ਪੱਖੀਆਂ ਦੇ ਤੌਰ ’ਤੇ ਝੱਲ ਰਹੇ ਸਨ। ਸਕੂਲ ਅਧਿਆਪਕਾ ਨੇ ਦੱਸਿਆ ਕਿ ਪਿਛਲੇ ਕੁਝ ਮਹੀਨੇ ਤੋਂ ਪ੍ਰਾਇਮਰੀ ਸਕੂਲ ਵਿਚ ਬਿਜਲੀ ਵਿਭਾਗ ਨੇ ਚਿਪ ਵਾਲਾ ਮੀਟਰ ਲਗਾ ਦਿੱਤਾ ਗਿਆ ਜਿਸ ਕਾਰਨ ਕੱਲ੍ਹ ਉਸਦੀ ਸਪਲਾਈ ਬੰਦ ਹੋ ਗਈ ਜਿਸ ਤੋਂ ਬਾਅਦ ਪੱਖੇ, ਲਾਈਟਾਂ ਤੋਂ ਇਲਾਵਾ ਪੀਣ ਵਾਲਾ ਪਾਣੀ ਵੀ ਨਹੀਂ ਉਪਲੱਬਧ ਨਹੀਂ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਗਰੀਬ ਮਾਪਿਆਂ ਦੇ ਪੜ੍ਹਨ ਆਉਂਦੇ ਛੋਟੇ-ਛੋਟੇ ਬੱਚਿਆਂ ਦਾ ਬੁਰਾ ਹਾਲ ਸੀ ਅਤੇ ਕਈ ਬੱਚੇ ਤਾਂ ਪੱਖੇ ਨਾ ਚੱਲਣ ਕਾਰਨ ਪਸੀਨੇ ਨਾਲ ਭਿੱਜੇ ਵੀ ਦਿਖਾਈ ਦਿੱਤੇ। ਅਧਿਆਪਕਾ ਨੇ ਦੱਸਿਆ ਕਿ ਪਹਿਲਾਂ ਬਿਜਲੀ ਦਾ ਬਿੱਲ ਆਉਂਦਾ ਸੀ ਜਿਸ ਦੀ ਅਦਾਇਗੀ ਹੋ ਜਾਂਦੀ ਸੀ ਪਰ ਹੁਣ ਚਿੱਪ ਵਾਲਾ ਮੀਟਰ ਲੱਗਣ ਕਾਰਨ ਪਿੱਛੋਂ ਸਪਲਾਈ ਬੰਦ ਕਰ ਦਿੱਤੀ ਗਈ ਜਿਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਜਲਦ ਇਸ ਦੀ ਸਪਲਾਈ ਬਹਾਲ ਕੀਤੀ ਜਾਵੇ।
ਏ.ਸੀ. ਕਮਰਿਆਂ ਵਿਚ ਬੈਠੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਮਾਸੂਮ ਬੱਚਿਆਂ ਦੀ ਤਕਲੀਫ਼ ਕਿਉਂ ਨਹੀਂ ਦਿਖਾਈ ਦਿੰਦੀ
ਪੰਜਾਬ ਸਰਕਾਰ ਦੇ ਏ.ਸੀ. ਦਫ਼ਤਰਾਂ ਵਿਚ ਬੈਠੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਇਹ ਸਮਾਰਟ ਸਕੂਲ ਤਾਂ ਬਣਾ ਦਿੱਤੇ ਗਏ ਪਰ ਹਾਲਾਤ ਇਹ ਹਨ ਕਿ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ 165 ਬੱਚਿਆਂ ਨੂੰ ਪੜ੍ਹਾਉਣ ਲਈ ਕੇਵਲ 1 ਅਧਿਆਪਕ ਮੌਜੂਦ ਸੀ। ਹੁੰਮਸ ਭਰੀ ਗਰਮੀ ਵਿਚ ਜਿੱਥੇ ਇੱਕ ਅਧਿਆਪਕਾ ਇਨ੍ਹਾਂ 5 ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਿਚ ਜੁਟੀ ਹੋਈ ਸੀ ਉੱਥੇ ਬੱਚੇ ਗਰਮੀ ਕਾਰਨ ਕਮਰਿਆਂ ਦੀ ਬਜਾਏੇ ਬਾਹਰ ਖੁੱਲ੍ਹੇ ਵਰਾਂਡੇ ਵਿਚ ਬੈਠ ਕੇ ਪੜ੍ਹਨ ਨੂੰ ਮਜ਼ਬੂਰ ਸਨ ਕਿਉਂਕਿ ਅੰਦਰ ਨਾ ਤਾਂ ਰੌਸ਼ਨੀ ਸੀ ਅਤੇ ਨਾ ਹੀ ਪੱਖੇ। ਸਰਕਾਰ ਦੇ ਏ.ਸੀ. ਕਮਰਿਆਂ ਵਿਚ ਬੈਠੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਗਰਮੀ ਵਿਚ ਹਾਲੋ-ਬੇਹਾਲ ਹੋਏ ਬੈਠੇ ਬੱਚਿਆਂ ਦੀ ਤਕਲੀਫ਼ ਕਿਉਂ ਨਹੀਂ ਦਿਖਾਈ ਦਿੱਤੀ। ਅੱਜ ਦੂਸਰਾ ਦਿਨ ਹੋ ਗਿਆ, ਬੱਚੇ ਗਰਮੀ ਵਿਚ ਬੈੈਠੇ ਪੜ੍ਹ ਰਹੇ ਹਨ ਪਰ ਬਿਜਲੀ ਸਪਲਾਈ ਬਹਾਲ ਕਰਨ ਲਈ ਤੁਰੰਤ ਕਦਮ ਨਹੀਂ ਉਠਾਏ ਗਏ।
ਆਂਗਣਵਾੜੀ ’ਚ ਪੜ੍ਹਦੇ ਬੱਚਿਆਂ ਨੂੰ ਹੈਲਪਰ ਪੱਖਾ ਝੱਲ ਰਹੀ ਸੀ
ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 3 ਵਿਚ ਤਿੰਨ ਤੋਂ ਚਾਰ ਸਾਲ ਦੇ ਬੱਚਿਆਂ ਲਈ ਆਂਗਣਵਾੜੀ ਸੈਂਟਰ ਖੋਲ੍ਹਿਆ ਹੋਇਆ ਹੈ ਪਰ ਇੱਥੇ ਵੀ ਬਿਜਲੀ ਨਾ ਹੋਣ ਕਾਰਨ ਛੋਟੇ-ਛੋਟੇ ਬੱਚਿਆਂ ਦਾ ਗਰਮੀ ਵਿਚ ਬੁਰਾ ਹਾਲ ਸੀ। ਸਕੂਲ ਵਿਚ ਤਾਇਨਾਤ ਆਂਗਣਵਾੜੀ ਵਰਕਰ ਇਨ੍ਹਾਂ ਛੋਟੇ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਹੱਥ ਨਾਲ ਪੱਖਾ ਝੱਲਦੀ ਨਜ਼ਰ ਆਈ ਜੋ ਕਿ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਹੈ।
ਮਿਡ-ਡੇ-ਮੀਲ ਪਕਾਉਣ ਅਤੇ ਬੱਚਿਆਂ ਨੂੰ ਪੀਣ ਵਾਲਾ ਪਾਣੀ ਲੋਕਾਂ ਦੇ ਘਰਾਂ ਤੋਂ ਭਰ ਕੇ ਲਿਆਂਦਾ ਜਾ ਰਿਹਾ
ਪਿਛਲੇ 2 ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਹਾਲਾਤ ਇਹ ਹਨ ਕਿ ਨਾ ਹੀ ਬੱਚਿਆਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਹੈ ਅਤੇ ਨਾ ਹੀ ਮਿਡ-ਡੇ-ਮੀਲ ਪਕਾਉਣ ਲਈ ਪਾਣੀ ਮਿਲਿਆ। ਮਿਡ-ਡੇ-ਮੀਲ ਬਣਾਉਣ ਵਾਲੀਆਂ ਵਰਕਰਾਂ ਵਲੋਂ ਸਕੂਲ ਦੇ ਆਸਪਾਸ ਲੋਕਾਂ ਦੇ ਘਰਾਂ ’ਚੋਂ ਪਾਣੀ ਇਕੱਠਾ ਕਰਕੇ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਮਿਡ-ਡੇ-ਮੀਲ ਪਕਾਇਆ ਅਤੇ ਬੱਚਿਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ। ਮਿਡ-ਡੇ-ਮੀਲ ਬਣਾਉਣ ਵਾਲੀਆਂ ਵਰਕਰਾਂ ਨੇ ਦੱਸਿਆ ਕਿ ਉਹ ਕੇਵਲ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿਚ ਖਾਣਾ ਪਕਾਉਣ ਦਾ ਕੰਮ ਕਰਦੀਆਂ ਹਨ ਅਤੇ ਹੁਣ ਬੱਚਿਆਂ ਲਈ ਗਰਮੀ ਵਿਚ ਬੜੀ ਮੁਸ਼ਕਿਲ ਨਾਲ ਲੋਕਾਂ ਦੇ ਘਰਾਂ ’ਚੋਂ ਪਾਣੀ ਲਿਆ ਕੇ ਕੰਮ ਕੀਤਾ ਜਾ ਰਿਹਾ ਹੈ।
ਜਲਦ ਬਿਜਲੀ ਸਪਲਾਈ ਬਹਾਲ ਹੋਵੇਗੀ: ਬਲਾਕ ਸਿੱਖਿਆ ਅਫ਼ਸਰ
ਜਦੋਂ ਇਸ ਸਬੰਧੀ ਬਲਾਕ ਸਿੱਖਿਆ ਅਫ਼ਸਰ ਰਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਚਿੱਪ ਵਾਲੇ ਮੀਟਰ ਲੱਗਣ ਕਾਰਨ ਇਹ ਸਮੱਸਿਆ ਆਈ ਹੈ ਕਿਉਂਕਿ ਪਹਿਲਾਂ ਵਾਲੇ ਬਿਜਲੀ ਮੀਟਰਾਂ ਦੇ ਬਿੱਲ ਦੀ ਅਦਾਇਗੀ ਕਰ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਜਲਦ ਹੀ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ।
- Download Babushahi App
-
-