'ਓਹਦੀਆਂ ਖੇਡਾਂ' ਰਾਹੀਂ ਹੰਸ ਰਾਜ ਹੰਸ ਨੇ 12 ਸਾਲ ਬਾਅਦ ਸੰਗੀਤ 'ਚ ਕੀਤਾ ਕਮਬੈਕ
ਦੋਸਤਾਂ ਦੇ ਪਿਆਰ ਤੇ ਹੌਸਲੇ ਸਦਕਾ ਗਾਇਕੀ ਵੱਲ ਪਰਤੇ ਪਦਮ ਸ਼੍ਰੀ ਸੂਫ਼ੀ ਗਾਇਕ ਹੰਸ ਰਾਜ ਹੰਸ
ਸੰਜੀਵ ਆਨੰਦ ਦੇ ਬੋਲਾਂ ਅਤੇ ਅਮਦਾਦ ਅਲੀ ਦੇ ਸੰਗੀਤ ਨਾਲ ਸਜਿਆ ਨਵਾਂ ਗੀਤ 'ਓਹਦੀਆਂ ਖੇਡਾਂ' ਹੋਇਆ ਰਿਲੀਜ਼
ਚੰਡੀਗੜ੍ਹ, 4 ਜੁਲਾਈ 2026- ਪੰਜਾਬੀ ਸੂਫ਼ੀ ਗਾਇਕੀ ਦੇ ਸਿਰਤਾਜ ਅਤੇ ਸਿਆਸਤਦਾਨ ਹੰਸ ਰਾਜ ਹੰਸ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਸੰਗੀਤ ਦੀ ਦੁਨੀਆ ਵਿੱਚ ਆਪਣੀ ਵਾਪਸੀ 'ਤੇ ਡੂੰਘੀ ਖ਼ੁਸ਼ੀ ਜ਼ਾਹਰ ਕੀਤੀ ਹੈ। ਆਪਣੇ ਸੰਗੀਤਕ ਸਫ਼ਰ ਨੂੰ ਯਾਦ ਕਰਦਿਆਂ ਹੰਸ ਰਾਜ ਹੰਸ ਨੇ ਦੱਸਿਆ ਕਿ ਦੋਸਤਾਂ ਦੇ ਪਿਆਰ, ਰੀਝ ਅਤੇ ਹੌਸਲਾ ਅਫ਼ਜ਼ਾਈ ਨੇ ਹੀ ਉਨ੍ਹਾਂ ਨੂੰ ਆਪਣੇ ਨਵੇਂ ਗੀਤ 'ਓਹਦੀਆਂ ਖੇਡਾਂ' (Ohdiyan Khedan) ਦੇ ਨਾਲ ਮੁੜ ਸਰੋਤਿਆਂ ਦੇ ਰੂ-ਬਰੂ ਹੋਣ ਲਈ ਪ੍ਰੇਰਿਤ ਕੀਤਾ ਹੈ।
ਸੰਗੀਤ ਵਿੱਚ ਆਪਣੀ ਵਾਪਸੀ ਬਾਰੇ ਗੱਲ ਕਰਦਿਆਂ ਹੰਸ ਰਾਜ ਹੰਸ ਨੇ ਦੱਸਿਆ, "ਸਿਆਸਤ ਵਿੱਚ ਆਉਣ ਕਰਕੇ ਮੇਰਾ ਧਿਆਨ ਸੰਗੀਤ ਤੋਂ ਥੋੜ੍ਹਾ ਹਟ ਗਿਆ ਸੀ। ਮੈਂ ਸ਼ੋਅਬਿਜ਼ ਛੱਡ ਕੇ ਰਾਜਨੀਤੀ ਦਾ ਰਾਹ ਚੁਣਿਆ, ਜਿਸ ਨੂੰ ਮੈਂ ਸਮਾਜ ਅਤੇ ਦੇਸ਼ ਦੀ ਸੇਵਾ ਮੰਨਦਾ ਹਾਂ। ਇਸੇ ਰੁੱਝੇਵੇਂ ਕਾਰਨ ਮੇਰੀ ਗਾਇਕੀ ਵਿੱਚ 12-13 ਸਾਲ ਦਾ ਇੱਕ ਲੰਮਾ ਗੈਪ ਆ ਗਿਆ।"
ਉਨ੍ਹਾਂ ਅੱਗੇ ਦੱਸਿਆ, "ਮੈਂ ਸੋਚ ਲਿਆ ਸੀ ਕਿ ਹੁਣ ਮੈਨੂੰ ਆਪਣੇ ਸਾਰੇ ਕੰਮਾਂ ਤੋਂ ਰਿਟਾਇਰ ਹੋ ਜਾਣਾ ਚਾਹੀਦਾ ਹੈ, ਪਰ ਮੇਰੇ ਕਰੀਬੀ ਦੋਸਤ ਸੰਜੀਵ ਆਨੰਦ ਨੇ ਮੈਨੂੰ ਕਿਹਾ ਕਿ ਲੋਕ ਅੱਜ ਵੀ ਮੇਰੀ ਆਵਾਜ਼ ਸੁਣਨਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤਾਂ ਰੋਜ਼ਾਨਾ ਹੀ ਰਿਆਜ਼ ਕਰਦਾ ਹਾਂ ਅਤੇ ਗਾਉਂਦਾ ਹਾਂ। ਤਦ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਮੈਨੂੰ ਫਿਰ ਤੋਂ ਅਧਿਕਾਰਤ ਤੌਰ 'ਤੇ ਲੋਕਾਂ ਦੇ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਦੀ ਗੱਲ ਮੰਨ ਕੇ ਹੀ ਮੈਂ ਆਪਣਾ ਨਵਾਂ ਗੀਤ 'ਓਹਦੀਆਂ ਖੇਡਾਂ' ਰਿਲੀਜ਼ ਕੀਤਾ ਹੈ।"
ਦੱਸ ਦੇਈਏ ਕਿ ਇਸ ਨਵੇਂ ਗੀਤ ਦੇ ਖ਼ੂਬਸੂਰਤ ਬੋਲ ਸੰਜੀਵ ਆਨੰਦ ਵੱਲੋਂ ਲਿਖੇ ਗਏ ਹਨ, ਜਦੋਂ ਕਿ ਇਸ ਦਾ ਸੰਗੀਤ ਅਮਦਾਦ ਅਲੀ ਨੇ ਤਿਆਰ ਕੀਤਾ ਹੈ। ਇਹ ਗੀਤ 'ਆਨੰਦ ਰਿਕਾਰਡਸ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਰੂਹਾਨੀਅਤ ਦਾ ਅਹਿਸਾਸ ਕਰਵਾਏਗਾ ਨਵਾਂ ਗੀਤ
ਆਪਣੇ ਨਵੇਂ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਇਹ ਗੀਤ ਉਨ੍ਹਾਂ ਲਈ ਆਪਣੇ ਜਜ਼ਬਾਤਾਂ ਅਤੇ ਵਿਚਾਰਾਂ ਨੂੰ ਪ੍ਰਸ਼ੰਸਕਾਂ ਤੱਕ ਪਹੁੰਚਾਉਣ ਦਾ ਇੱਕ ਖ਼ਾਸ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਗੀਤ ਸਿੱਧੇ ਤੌਰ 'ਤੇ ਪੂਰੀ ਤਰ੍ਹਾਂ ਸੂਫ਼ੀਆਨਾ ਨਹੀਂ ਹੈ, ਪਰ ਇਸ ਦੇ ਬੋਲ ਜ਼ਿੰਦਗੀ ਦੀ ਡੂੰਘੀ ਸੋਚ ਅਤੇ ਤਜ਼ਰਬਿਆਂ ਨੂੰ ਬਿਆਨ ਕਰਦੇ ਹਨ, ਜਿਸ ਨੂੰ ਸੁਣਦੇ ਸਮੇਂ ਸਰੋਤਿਆਂ ਨੂੰ ਇੱਕ ਵੱਖਰੀ ਤਰ੍ਹਾਂ ਦਾ ਰੂਹਾਨੀ ਅਹਿਸਾਸ ਜ਼ਰੂਰ ਹੋਵੇਗਾ।
ਜ਼ਿਕਰਯੋਗ ਹੈ ਕਿ ਹੰਸ ਰਾਜ ਹੰਸ 'ਸਿਲੀ-ਸਿਲੀ ਹਵਾ', 'ਦਿਲ ਚੋਰੀ ਸਾਡਾ ਹੋ ਗਿਆ', 'ਨਿਤ ਖੈਰ ਮੰਗਾ' ਅਤੇ 'ਦਿਲ ਟੋਟੇ-ਟੋਟੇ ਹੋ ਗਿਆ' ਵਰਗੇ ਅਨੇਕਾਂ ਸਦਾਬਹਾਰ ਅਤੇ ਸੁਪਰਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ। ਇਸ ਤੋਂ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸੰਧੂ, ਗਿੱਲ ਹਰਦੀਪ, ਬਲਬੀਰ ਸੂਫ਼ੀ, ਦਰਸ਼ਨ ਔਲਖ ਅਤੇ ਬਾਬੂਸ਼ਾਹੀ ਨੈੱਟਵਰਕ ਦੇ ਐਡੀਟਰ ਬਲਜੀਤ ਬੱਲੀ ਤੋਂ ਇਲਾਵਾ ਹੋਰ ਵੀ ਕਈ ਹਾਜ਼ਰ ਸਨ।
- Download Babushahi App
-
-