'ਆਪ੍ਰੇਸ਼ਨ ਪ੍ਰਹਾਰ': ਲੁਧਿਆਣਾ ਦਿਹਾਤੀ ਪੁਲਿਸ ਨੇ ਅਪਰਾਧੀਆਂ 'ਤੇ ਵੱਡਾ ਹਮਲਾ ਬੋਲਿਆ
ਦੀਪਕ ਜੈਨ, ਜਗਰਾਉਂ -
ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਖ਼ਤਮ ਕਰਨ ਲਈ ਚਲਾਈ ਗਈ 'ਆਪ੍ਰੇਸ਼ਨ ਪ੍ਰਹਾਰ' ਮੁਹਿੰਮ ਹੁਣ ਲੁਧਿਆਣਾ ਦਿਹਾਤੀ ਇਲਾਕੇ ਵਿੱਚ ਵੀ ਜ਼ੋਰ ਫੜ ਰਹੀ ਹੈ। ਐਸਐਸਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਨੇ ਜਗਰਾਓਂ ਦੀ ਨਵੀਂ ਦਾਣਾ ਮੰਡੀ, ਸ਼ੇਰਪੁਰਾ ਰੋਡ ਅਤੇ ਐਲਆਈਸੀ ਚੌਂਕ ਵਰਗੇ ਮਹੱਤਵਪੂਰਨ ਥਾਵਾਂ 'ਤੇ ਸਖ਼ਤ ਨਾਕਾਬੰਦੀ ਕੀਤੀ। ਸ਼ੱਕੀ ਵਾਹਨਾਂ ਅਤੇ ਲੋਕਾਂ ਦੀ ਬਾਰੀਕ ਚੈਕਿੰਗ ਕਰਕੇ ਭਗੌੜੇ ਦੋਸ਼ੀਆਂ, ਅਪਰਾਧੀ ਪਿਛੋਕੜ ਵਾਲੇ ਲੋਕਾਂ ਅਤੇ ਗੈਂਗਸਟਰਾਂ ਦੇ ਸਹਿਯੋਗੀਆਂ 'ਤੇ ਕਾਰਵਾਈ ਕੀਤੀ ਗਈ।ਮੁਹਿੰਮ ਦੇ ਪਹਿਲੇ ਦਿਨ ਹੀ ਲਗਭਗ 40 ਅਪਰਾਧ ਪ੍ਰਵਿਰਤੀ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਅੱਜ ਦੀ ਕਾਰਵਾਈ ਵਿੱਚ ਵੀ ਲਗਭਗ 25 ਹੋਰ ਮਾੜੇ ਅਨਸਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ। ਐਸਐਸਪੀ ਡਾ. ਅੰਕੁਰ ਗੁਪਤਾ ਨੇ ਮੀਡੀਆ ਨੂੰ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਪੈਦਾ ਕਰਨਾ ਅਤੇ ਆਮ ਲੋਕਾਂ ਨੂੰ ਬਿਨਾਂ ਡਰ ਦਾ ਮਾਹੌਲ ਦੇਣਾ ਹੈ।ਇਹ ਮੁਹਿੰਮ ਤਿੰਨ ਦਿਨ ਤੱਕ ਲਗਾਤਾਰ ਚੱਲੇਗੀ ਅਤੇ ਬਾਅਦ ਵਿੱਚ ਵੀ ਜਾਰੀ ਰਹੇਗੀ ਜਦੋਂ ਤੱਕ ਸਮਾਜ ਵਿਰੋਧੀ ਗਤੀਵਿਧੀਆਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦੀਆਂ। ਲੁਧਿਆਣਾ ਦਿਹਾਤੀ ਪੁਲਿਸ ਦਾ ਇਹ ਕਦਮ ਅਪਰਾਧੀਆਂ ਦੇ ਹੌਸਲੇ ਤੋੜੇਗਾ ਅਤੇ ਜਨਤਾ ਵਿੱਚ ਪੁਲਿਸ 'ਤੇ ਵਿਸ਼ਵਾਸ ਵਧਾਏਗਾ।