ਟਰੰਪ ਪ੍ਰਸ਼ਾਸਨ ਵਲੋਂ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ (H-4 EAD) ਤੋਂ ਕੰਮ ਕਰਨ ਦਾ ਅਧਿਕਾਰ ਖੋਹਣ ਦੀ ਤਿਆਰੀ
ਭਾਰਤੀਆਂ 'ਤੇ ਪਵੇਗਾ ਸਭ ਤੋਂ ਵੱਧ ਅਸਰ
ਬਾਬੂਸ਼ਾਹੀ ਬਿਊਰੋ
ਵਾਸ਼ਿਗੰਟਨ, 31 ਅਗਸਤ: ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਪਰਿਵਾਰਾਂ ਲਈ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਟਰੰਪ ਪ੍ਰਸ਼ਾਸਨ ਨੇ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਅਧੀਨ H-1B ਵੀਜ਼ਾ ਧਾਰਕਾਂ ਦੇ ਨਿਰਭਰ ਜੀਵਨ ਸਾਥੀਆਂ (H-4 ਵੀਜ਼ਾ ਧਾਰਕਾਂ) ਨੂੰ ਮਿਲਣ ਵਾਲੇ ਰੁਜ਼ਗਾਰ ਅਧਿਕਾਰ ਦਸਤਾਵੇਜ਼ (EAD) ਯਾਨੀ ਵਰਕ ਪਰਮਿਟ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜੇਕਰ ਇਹ ਨਿਯਮ ਲਾਗੂ ਹੁੰਦਾ ਹੈ, ਤਾਂ ਇਹ ਪਿਛਲੇ 10 ਸਾਲਾਂ ਤੋਂ ਚੱਲੀ ਆ ਰਹੀ ਨੀਤੀ ਨੂੰ ਉਲਟਾ ਦੇਵੇਗਾ।
ਇਸ ਫੈਸਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਾਰਤੀ ਨਾਗਰਿਕ, ਖਾਸ ਕਰਕੇ ਭਾਰਤੀ ਔਰਤਾਂ ਹੋਣਗੀਆਂ। ਅੰਕੜਿਆਂ ਮੁਤਾਬਕ H-4 EAD ਪ੍ਰਵਾਨਗੀਆਂ ਵਿੱਚੋਂ 93 ਫੀਸਦੀ ਹਿੱਸਾ ਭਾਰਤੀਆਂ ਦਾ ਹੈ, ਜਿਨ੍ਹਾਂ ਵਿੱਚੋਂ 94 ਫੀਸਦੀ ਔਰਤਾਂ ਹਨ। ਇਸ ਤੋਂ ਇਲਾਵਾ, ਵਿੱਤੀ ਸਾਲ 2024 ਵਿੱਚ ਕੁੱਲ H-1B ਵੀਜ਼ਾ ਪ੍ਰਵਾਨਗੀਆਂ ਵਿੱਚੋਂ 71 ਫੀਸਦੀ ਭਾਰਤੀਆਂ ਨੂੰ ਮਿਲੇ ਸਨ।
ਹਾਲਾਂਕਿ, ਇਹ ਅਜੇ ਸਿਰਫ਼ ਇੱਕ ਪ੍ਰਸਤਾਵ ਹੈ ਅਤੇ ਤੁਰੰਤ ਲਾਗੂ ਨਹੀਂ ਹੋਵੇਗਾ। ਗ੍ਰਹਿ ਸੁਰੱਖਿਆ ਵਿਭਾਗ (DHS) ਨੂੰ ਇਸ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਫੈਡਰਲ ਰਜਿਸਟਰ ਵਿੱਚ ਨੋਟਿਸ ਪ੍ਰਕਾਸ਼ਿਤ ਕਰਨਾ ਪਵੇਗਾ ਅਤੇ ਆਮ ਜਨਤਾ ਤੋਂ ਸੁਝਾਅ ਲੈਣੇ ਪੈਣਗੇ। ਉਦੋਂ ਤੱਕ ਮੌਜੂਦਾ EAD ਧਾਰਕ ਆਪਣਾ ਕੰਮ ਜਾਰੀ ਰੱਖ ਸਕਦੇ ਹਨ। ਜ਼ਿਕਰਯੋਗ ਹੈ ਕਿ 2017 ਵਿੱਚ ਵੀ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਜਿਹੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ 2021 ਵਿੱਚ ਵਾਪਸ ਲੈ ਲਿਆ ਗਿਆ ਸੀ।