Animal Life Matters-ਜਾਨਵਰਾਂ ਦੀ ਜਾਨ ਵੀ ਕੀਮਤੀ ਹੈ
ਨਿਊਜ਼ੀਲੈਂਡ ਵਿਚ ਭੇਡਾਂ ਨਾਲ ਬੇਰਹਿਮੀ ਕਰਨ ਵਾਲੇ ਕਿਸਾਨ ਨੂੰ ਲੱਗਾ ਲਗਪਗ 30 ਹਜ਼ਾਰ ਡਾਲਰ ਦਾ ਜੁਰਮਾਨਾ
-23 ਬੀਮਾਰ ਭੇਡਾਂ ਨੂੰ ਦਿੱਤੀ ਗਈ ਇੱਛਾ ਮੌਤ, 120 ਹੋਰ ਭੇਡਾਂ ਵੀ ਕੁਪੋਸ਼ਣ ਦਾ ਸ਼ਿਕਾਰ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 21 ਅਗਸਤ 2026:- ਨਿਊਜ਼ੀਲੈਂਡ ਦੇ ਟੇ ਕੁਈਟੀ ਖੇਤਰ ਵਿੱਚ ਇੱਕ ਭੇਡ ਫਾਰਮਰ ਵੱਲੋਂ ਜਾਨਵਰਾਂ ਨਾਲ ਕੀਤੀ ਗਈ ਗੰਭੀਰ ਅਣਗਹਿਲੀ ਦੇ ਮਾਮਲੇ ਵਿੱਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਫਾਰਮ ਵਿੱਚ ਭੇਡਾਂ ਦੀ ਮਾੜੀ ਹਾਲਤ ਅਤੇ ਅਣਦੇਖੀ ਕਾਰਨ 23 ਭੇਡਾਂ ਨੂੰ ਇੱਛਾ ਮੌਤ ਦੇਣੀ ਪਈ, ਜਿਸ ਤੋਂ ਬਾਅਦ ਦੋਸ਼ੀ ਕਿਸਾਨ ਨੂੰ ਲਗਭਗ 30,000 ਡਾਲਰ ਦਾ ਭਾਰੀ ਜੁਰਮਾਨਾ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰਾਇਮਰੀ ਇੰਡਸਟਰੀਜ਼ ਮੰਤਰਾਲੇ (MP9) ਵੱਲੋਂ ਚਲਾਈ ਗਈ ਸਫਲ ਕਾਰਵਾਈ ਤੋਂ ਬਾਅਦ ਟੇ ਕੁਈਟੀ ਜ਼ਿਲ੍ਹਾ ਅਦਾਲਤ ਨੇ 70 ਸਾਲਾ ਕਿਸਾਨ ਵਿਲੀਅਮ ਜਾਰਜ ਟੌਮਸ ਨੂੰ ਇਹ ਸਜ਼ਾ ਸੁਣਾਈ। ਟੌਮਸ ਨੇ ਪਸ਼ੂ ਭਲਾਈ ਐਕਟ ਦੇ ਤਹਿਤ ਲਗਾਏ ਗਏ ਸਾਰੇ 5 ਦੋਸ਼ਾਂ ਨੂੰ ਕਬੂਲ ਕਰ ਲਿਆ ਹੈ, ਜਿਸ ਤੋਂ ਬਾਅਦ ਉਸ ਨੂੰ 29,250 ਡਾਲਰ ਦਾ ਜੁਰਮਾਨਾ ਕੀਤਾ ਗਿਆ।
ਅਦਾਲਤ ਨੇ ਇਹ ਸ਼ਰਤ ਵੀ ਲਗਾਈ ਹੈ ਕਿ ਟੌਮਸ ਨੂੰ ਆਪਣੇ ਫਾਰਮ ਦੀਆਂ ਸਾਰੀਆਂ ਭੇਡਾਂ ਦੀਆਂ ਸਰੀਰਕ ਅਤੇ ਵਿਵਹਾਰਕ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ। ਜੇਕਰ ਉਹ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ’ਤੇ ਤਿੰਨ ਸਾਲਾਂ ਲਈ ਕਿਸੇ ਵੀ ਜਾਨਵਰ ਨੂੰ ਰੱਖਣ, ਸੰਭਾਲਣ ਜਾਂ ਉਸ ’ਤੇ ਅਧਿਕਾਰ ਰੱਖਣ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।
ਪਸ਼ੂ ਭਲਾਈ ਮੰਤਰਾਲੇ ਦੀ ਜ਼ਿਲ੍ਹਾ ਪ੍ਰਬੰਧਕ ਬਿਯਾਂਕਾ ਅਪਟਨ ਨੇ ਦੱਸਿਆ ਕਿ ਇੱਕ ਸ਼ਿਕਾਇਤ ਮਿਲਣ ਤੋਂ ਬਾਅਦ ਨਿਰੀਖਕਾਂ ਨੇ ਫਾਰਮ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਵੇਖਿਆ ਕਿ ਭੇਡਾਂ ਨੂੰ ਹੋਰ ਤਕਲੀਫ ਤੋਂ ਬਚਾਉਣ ਲਈ 23 ਭੇਡਾਂ ਨੂੰ ਇੱਛਾ ਮੌਤ ਦੇਣੀ ਪਈ। ਇਹ ਭੇਡਾਂ ਫਲਾਈਸਟਰਾਈਕ (ਕੀੜੇ ਪੈਣਾ), ਪਰਜੀਵੀ ਬੀਮਾਰੀਆਂ, ਕਮਜ਼ੋਰੀ ਅਤੇ ਖੁਰਾਂ ਦੇ ਗਲਣ ਦੀ ਸਮੱਸਿਆ ਤੋਂ ਪੀੜਤ ਸਨ। ਇਨ੍ਹਾਂ ਵਿੱਚੋਂ ਦੋ ਛੱਤਰੇ ਪੂਰੀ ਤਰ੍ਹਾਂ ਡੀਹਾਈਡਰੇਟਡ ਸਨ ਅਤੇ ਉੱਠਣ ਵਿੱਚ ਅਸਮਰੱਥ ਸਨ।
ਜਾਂਚ ਟੀਮ ਨੂੰ ਫਾਰਮ ’ਚ ਲਗਭਗ 120 ਭੇਡਾਂ ਦਾ ਇੱਕ ਹੋਰ ਝੁੰਡ ਵੀ ਮਿਲਿਆ ਜੋ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਸੀ। ਮੰਤਰਾਲੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਟੌਮਸ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਬਾਰੇ ਚੇਤਾਵਨੀ ਦਿੱਤੀ ਗਈ ਸੀ ਅਤੇ ਭੇਡਾਂ ਦੀ ਦੇਖਭਾਲ ਨਾਲ ਸਬੰਧਤ ਸਿੱਖਿਆ ਸਮੱਗਰੀ ਮੁਹੱਈਆ ਕਰਵਾਈ ਗਈ ਸੀ।
ਅਧਿਕਾਰੀ ਅਪਟਨ ਨੇ ਕਿਹਾ ਕਿ ਟੌਮਸ ਨੇ ਆਪਣੇ ਜਾਨਵਰਾਂ ਲਈ ਚੰਗੀ ਗੁਣਵੱਤਾ ਵਾਲੀ ਖੁਰਾਕ ਅਤੇ ਬੀਮਾਰੀਆਂ ਤੋਂ ਬਚਾਅ ਦੇ ਇਲਾਜ ਨਾ ਕਰਵਾ ਕੇ ਆਪਣੀ ਜ਼ਿੰਮੇਵਾਰੀ ਤੋਂ ਅਣਗਹਿਲੀ ਕੀਤੀ, ਜਿਸ ਨਾਲ ਭੇਡਾਂ ਦੀ ਜਾਨ ਨੂੰ ਵੱਡਾ ਖਤਰਾ ਪੈਦਾ ਹੋਇਆ। ਜ਼ਿਆਦਾਤਰ ਕਿਸਾਨ ਆਪਣੇ ਜਾਨਵਰਾਂ ਦੀ ਸਹੀ ਦੇਖਭਾਲ ਕਰਦੇ ਹਨ, ਪਰ ਜਦੋਂ ਵੀ ਅਜਿਹੀ ਬੇਰਹਿਮੀ ਦੇ ਸਬੂਤ ਮਿਲਦੇ ਹਨ, ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।