ਮਿਹਨਤ ਅਤੇ ਜਜ਼ਬੇ ਦੀ ਮਿਸਾਲ- ਨਿਊਜ਼ੀਲੈਂਡ ਵਿੱਚ ਪੰਜਾਬੀ ਧੀਅ ਜੈਸਮੀਨ ਦਰੋਚ ਨੇ ਜਿੱਤਿਆ ਵੱਕਾਰੀ ਕਾਨੂੰਨੀ ਐਵਾਰਡ
ਆਸਟਰੇਲੀਆ/ਨਿਊਜ਼ੀਲੈਂਡ ਫਿਊਚਰ ਲੀਗਲ ਲੀਡਰਜ਼
(ਰਾਈਜ਼ਿੰਗ ਸਟਾਰਸ) 2026 ਐਵਾਰਡ’
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 21 ਅਪ੍ਰੈਲ, 2026: -ਨਿਊਜ਼ੀਲੈਂਡ ਦੇ ਕਾਨੂੰਨੀ ਖੇਤਰ ਤੋਂ ਇੱਕ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਟੌਰੰਗਾ ਸਥਿਤ ਲਾਅ ਫਰਮ ‘ਕੂਨੀ ਲੀਜ਼ ਮੋਰਗਨ’ (Cooney Lees Morgan) ਵਿੱਚ ਬਤੌਰ ਐਸੋਸੀਏਟ ਕੰਮ ਕਰ ਰਹੇ ਪੰਜਾਬੀ ਵਕੀਲ ਜੈਸਮੀਨ ਦਰੋਚ ਨੂੰ ‘ਆਸਟਰੇਲੀਅਨ ਲਾਇਰ’ ਅਤੇ ‘ਐਨ.ਜ਼ੈਡ. ਲਾਇਰ’ ਵੱਲੋਂ ਸਾਲ 2026 ਲਈ ‘ਆਸਟਰੇਲੀਆ/ਨਿਊਜ਼ੀਲੈਂਡ ਫਿਊਚਰ ਲੀਗਲ ਲੀਡਰਸ (ਰਾਈਜ਼ਿੰਗ ਸਟਾਰਸ) 2026 ਐਵਾਰਡ’ ਵਜੋਂ ਚੁਣਿਆ ਗਿਆ ਹੈ।
ਇਹ ਵੱਕਾਰੀ ਸਨਮਾਨ ਪੂਰੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚੋਂ ਕੇਵਲ ਉਨ੍ਹਾਂ ਚੋਣਵੇਂ ਵਕੀਲਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਹੈ ਅਤੇ ਜਿਨ੍ਹਾਂ ਨੇ ਕਾਨੂੰਨੀ ਖੇਤਰ ਵਿੱਚ ਕੋਈ ਵੱਡੀ ਪ੍ਰਾਪਤੀ ਕੀਤੀ ਹੋਵੇ।
ਭਾਈਚਾਰੇ ਲਈ ਇੱਕ ਮਜ਼ਬੂਤ ਸਹਾਰਾ
ਜੈਸਮੀਨ ਟੌਰੰਗਾ ਦੀ ਇਸ ਨਾਮੀ ਫਰਮ ਵਿੱਚ ਇਕਲੌਤੀ ਪੰਜਾਬੀ ਵਕੀਲ ਹੈ। ਉਨ੍ਹਾਂ ਨੇ ਮਹਿਸੂਸ ਕੀਤਾ ਸੀ ਕਿ ਟੌਰੰਗਾ ਖੇਤਰ ਵਿੱਚ ਅਜਿਹੇ ਵਕੀਲਾਂ ਦੀ ਘਾਟ ਹੈ ਜੋ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਮਾਹਰ ਹੋਣ। ਇਸੇ ਮਕਸਦ ਨਾਲ ਉਨ੍ਹਾਂ ਨੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੂੰ ਵਧੀਆ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਦਿਨ-ਰਾਤ ਮਿਹਨਤ ਕੀਤੀ। ਅੱਜ ਉਹ ਵਪਾਰਕ ਲੈਣ-ਦੇਣ, ਕੀਵੀਫਰੂਟ ਦੇ ਬਾਗਾਂ ਦੇ ਸੌਦੇ, ਪ੍ਰਾਪਰਟੀ, ਬੈਂਕਿੰਗ ਅਤੇ ਫੈਮਿਲੀ ਟਰੱਸਟ ਵਰਗੇ ਗੁੰਝਲਦਾਰ ਮਾਮਲਿਆਂ ਵਿੱਚ ਮਾਹਰ ਮੰਨੇ ਜਾਂਦੇ ਹਨ।
ਪਿਤਾ ਦੇ ਸੁਪਨਿਆਂ ਨੂੰ ਲਾਈ ਉਡਾਨ
ਇਹ ਐਵਾਰਡ ਜੈਸਮੀਨ ਲਈ ਨਿੱਜੀ ਤੌਰ ’ਤੇ ਵੀ ਬਹੁਤ ਅਹਿਮ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰਾਪਤੀ ਉਨ੍ਹਾਂ ਦੇ ਸਵਰਗੀ ਪਿਤਾ, ਪੰਥ ਲਾਲ ਦਰੋਚ ਜੀ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਦਾ ਕਰੀਬ 18 ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਿਤਾ ਨੇ ਜੈਸਮੀਨ ਨੂੰ ਜ਼ਿੰਦਗੀ ਵਿੱਚ ਬਿਹਤਰੀਨ ਮੌਕੇ ਦੇਣ ਲਈ ਬਹੁਤ ਸੰਘਰਸ਼ ਕੀਤਾ ਸੀ। ਮਾਤਾ ਦਵਿੰਦਰ ਕੌਰ ਦਰੋਚ ਦੀ ਹੁਣ ਤੱਕ ਰਹਿਨੁਮਾਈ ਅਤੇ ਸਿੱਖਿਆ ਵੀ ਉਹ ਕਦੇ ਨਹੀਂ ਭੁੱਲਦੀ।
ਪਰਿਵਾਰਕ ਪਿਛੋਕੜ ਅਤੇ ਸਮਾਜਿਕ ਸੇਵਾ
6 ਸਾਲ ਔਕਲੈਂਡ ਵਿੱਚ ਵਕਾਲਤ ਕਰਨ ਤੋਂ ਬਾਅਦ, ਜੈਸਮੀਨ 2024 ਵਿੱਚ ਗੋਲਡੀ ਕੁਮਾਰ ਨਾਲ ਵਿਆਹ ਤੋਂ ਬਾਅਦ ਟੌਰੰਗਾ ਆ ਗਏ। ਉਹ ਮਸ਼ਹੂਰ ਕਾਰੋਬਾਰੀ ਰਾਮ ਲੁਭਾਇਆ (ਪੱਪੂ ਪੰਡਿਤ) ਅਤੇ ਸੁਮਨ ਸ਼ਰਮਾ ਦੇ ਨੂੰਹ ਹਨ। ਜੈਸਮੀਨ ਸਮਾਜਿਕ ਕਾਰਜਾਂ ਵਿੱਚ ਵੀ ਮੋਹਰੀ ਰਹਿੰਦੇ ਹਨ; ਉਨ੍ਹਾਂ ਨੇ 2025 ਵਿੱਚ ‘ਪੰਜਾਬੀ ਬੇਅ ਆਫ ਪਲੇਨਟੀ ਸਪੋਰਟਸ ਐਂਡ ਕਲਚਰਲ ਕਲੱਬ’ ਦੇ ਖੇਡ ਮੇਲੇ ਨੂੰ ਵੀ ਸਪਾਂਸਰ ਕੀਤਾ ਸੀ।
ਜੈਸਮੀਨ ਦਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਹਰ ਭਾਰਤੀ ਨੂੰ ਕਾਨੂੰਨੀ ਮਦਦ ਲੈਣ ਵੇਲੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਜੇਕਰ ਤੁਸੀਂ ਨਿਊਜ਼ੀਲੈਂਡ ਵਿੱਚ ਹੋ ਅਤੇ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਚਾਹੁੰਦੇ ਹੋ, ਤਾਂ ਤੁਸੀਂ ਜੈਸਮੀਨ ਦਰੋਚ ਨਾਲ ਸੰਪਰਕ ਕਰ ਸਕਦੇ ਹੋ: ਫੋਨ: 021 245 0018 ਈਮੇਲ: jdaroch0clmlaw.co.n੍ਰ