ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਦੱਸਣ ਵਿਰੁੱਧ ਆਵਾਜ਼ ਉਠਾਉਣ ’ਤੇ ਕਾਲਕਾ ਸਮੇਤ ਡੀਐਸਜੀਐਮਸੀ ਦੇ ਆਗੂ ਪੁਲਿਸ ਹਿਰਾਸਤ ਵਿੱਚ
ਨਵੀਂ ਦਿੱਲੀ 22 ਅਗਸਤ, 2026: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਵਜੋਂ ਪੇਸ਼ ਕਰਨ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨ ਕਾਰਨ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਥੀ ਆਗੂਆਂ ਸਮੇਤ ਪੁਲਿਸ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਦਰਦਨਾਕ ਤ੍ਰਾਸਦੀ ਨਾਲ ਜੁੜੇ ਵਿਅਕਤੀ ਦੀ ਕਿਸੇ ਵੀ ਤਰ੍ਹਾਂ ਮਹਿਮਾ ਮੰਡਨ ਕਰਨਾ ਬਿਲਕੁਲ ਅਸਵੀਕਾਰਯੋਗ ਹੈ। ਅਜਿਹੀਆਂ ਟਿੱਪਣੀਆਂ ਨਾ ਸਿਰਫ਼ 1984 ਦੇ ਪੀੜਤਾਂ ਦੇ ਜ਼ਖ਼ਮਾਂ ਨੂੰ ਮੁੜ ਤਾਜ਼ਾ ਕਰਦੀਆਂ ਹਨ, ਸਗੋਂ ਇਨਸਾਫ਼ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਮਾਮਲੇ ਦੀ ਨੈਤਿਕ ਅਤੇ ਸਿਆਸੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਦੱਸਣ ਵਾਲੀਆਂ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਂਦਿਆਂ ਉਨ੍ਹਾਂ ਦਾ ਅਸਤੀਫ਼ਾ ਲੈਣਾ ਚਾਹੀਦਾ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਸਿੱਖ ਕੌਮ ਦੇ ਇਤਿਹਾਸ ਅਤੇ 1984 ਦੇ ਪੀੜਤਾਂ ਨਾਲ ਜੁੜੇ ਇਨਸਾਫ਼ ਦੇ ਮੁੱਦੇ ’ਤੇ ਆਵਾਜ਼ ਉਠਾਉਣਾ ਕੋਈ ਜੁਰਮ ਨਹੀਂ ਹੈ। ਪੁਲਿਸ ਹਿਰਾਸਤ ਜਾਂ ਕਿਸੇ ਵੀ ਦਬਾਅ ਨਾਲ ਇਨਸਾਫ਼ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।
ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ, “ਸਾਡੀ ਆਵਾਜ਼ ਇਨਸਾਫ਼ ਲਈ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਖਾਮੋਸ਼ ਨਹੀਂ ਕਰਵਾਇਆ ਜਾ ਸਕਦਾ।”
- Download Babushahi App
-
-