Mohali ਦੇ ਸੀਨੀਅਰ ਪੱਤਰਕਾਰ ਧਰਮਪਾਲ ਉਪਾਸ਼ਕ ਦਾ ਦੇਹਾਂਤ
Babushahi Network
ਮੋਹਾਲੀ, 21 ਅਗਸਤ 2026: ਮੋਹਾਲੀ ਦੇ ਸੀਨੀਅਰ ਪੱਤਰਕਾਰ ਅਤੇ ਮੋਹਾਲੀ ਪ੍ਰੈੱਸ ਕਲੱਬ ਦੇ ਮੈਂਬਰ ਧਰਮਪਾਲ ਉਪਾਸ਼ਕ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖ਼ਲ ਸਨ। ਅੱਜ ਸ਼ਾਮ ਕਰੀਬ 6 ਵਜੇ ਉਨ੍ਹਾਂ ਨੇ ਪੀਜੀਆਈ ਵਿੱਚ ਆਖਰੀ ਸਾਹ ਲਿਆ। ਉਹ ਪ੍ਰਸਿੱਧ ਅਦਾਕਾਰਾ ਅਨੀਤਾ ਸ਼ਬਦੀਸ਼ ਦੇ ਪਿਤਾ ਸਨ।
ਧਰਮਪਾਲ ਉਪਾਸ਼ਕ ਦੇ ਦੇਹਾਂਤ ਦੀ ਖ਼ਬਰ ਫੈਲਦਿਆਂ ਹੀ ਮੋਹਾਲੀ ਦੇ ਪੱਤਰਕਾਰ ਭਾਈਚਾਰੇ ਅਤੇ ਸਮਾਜਿਕ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ। ਧਰਮਪਾਲ ਉਪਾਸ਼ਕ ਨੇ ਲੰਮਾ ਸਮਾਂ ਪੰਜਾਬ ਟ੍ਰੈਕਟਰਜ਼ ਲਿਮਟਿਡ (ਪੀਟੀਐਲ) ਵਿੱਚ ਸੇਵਾਵਾਂ ਨਿਭਾਈਆਂ। ਨੌਕਰੀ ਦੇ ਨਾਲ-ਨਾਲ ਉਹ ਪੱਤਰਕਾਰੀ ਦੇ ਖੇਤਰ ਨਾਲ ਵੀ ਸਰਗਰਮੀ ਨਾਲ ਜੁੜੇ ਰਹੇ ਅਤੇ ‘ਅਜੀਤ’ ਤੇ ‘ਪੰਜਾਬੀ ਟ੍ਰਿਬਿਊਨ’ ਲਈ ਪੱਤਰਕਾਰੀ ਕਰਦੇ ਰਹੇ। ਆਪਣੀ ਇਮਾਨਦਾਰੀ, ਨਿਸ਼ਠਾ ਅਤੇ ਸਾਫ਼-ਸੁਥਰੀ ਪੱਤਰਕਾਰੀ ਕਾਰਨ ਉਨ੍ਹਾਂ ਨੇ ਸਾਥੀ ਪੱਤਰਕਾਰਾਂ ਅਤੇ ਪਾਠਕਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ।
ਪਰਿਵਾਰ ਅਨੁਸਾਰ, ਧਰਮਪਾਲ ਉਪਾਸ਼ਕ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਧਰਮਪਾਲ ਉਪਾਸ਼ਕ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬਾਬੂਸ਼ਾਹੀ ਡਾਟ ਕਾਮ ਦੇ ਐਡੀਟਰ ਇਨ ਚੀਫ਼ ਬਲਜੀਤ ਬੱਲੀ ਵੱਲੋਂ ਧਰਮਪਾਲ ਉਪਾਸ਼ਕ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
- Download Babushahi App
-
-