ਸ਼ਹੀਦ ਭਗਤ ਸਿੰਘ ਨਗਰ ’ਚ ਬਿਜਲੀ ਕੇਬਲ ਵਿਛਾਉਣ ਦੌਰਾਨ ਸੇਫਟੀ ਨਿਯਮਾਂ ਦੀ ਅਣਦੇਖੀ!
ਥਾਣੇ ਦੇ ਸਾਹਮਣੇ ਚੱਲ ਰਹੇ ਕੰਮ ਨੂੰ ਲੈ ਕੇ ਸੋਸ਼ਲ ਐਕਟਿਵਿਸਟ ਅਰਵਿੰਦ ਸ਼ਰਮਾ ਨੇ ਚੁੱਕੇ ਸਵਾਲ- ਵੱਡੇ ਹਾਦਸੇ ਦਾ ਖਦਸ਼ਾ
ਸੁਖਮਿੰਦਰ ਭੰਗੂ
ਲੁਧਿਆਣਾ 21 ਅਗਸਤ 2026- ਸ਼ਹੀਦ ਭਗਤ ਸਿੰਘ ਨਗਰ ਦੇ E ਬਲਾਕ ਅਤੇ F ਬਲਾਕ ਨੇੜੇ, ਥਾਣੇ ਦੇ ਬਿਲਕੁਲ ਸਾਹਮਣੇ ਮੋਟੀਆਂ ਬਿਜਲੀ ਕੇਬਲਾਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ। ਕੰਮ ਦੌਰਾਨ ਕਥਿਤ ਤੌਰ ’ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਹੋਣ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਦੋਸ਼ ਲਗਾਇਆ ਕਿ ਮੌਕੇ ’ਤੇ ਕੰਮ ਕਰ ਰਹੇ ਵਿਅਕਤੀਆਂ ਲਈ ਲੋੜੀਂਦੇ ਸੇਫਟੀ ਉਪਕਰਨਾਂ ਅਤੇ ਰਾਹਗੀਰਾਂ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧਾਂ ਦੀ ਘਾਟ ਨਜ਼ਰ ਆ ਰਹੀ ਹੈ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਚੱਲਦੀ ਟ੍ਰੈਫਿਕ ਦੇ ਵਿਚਕਾਰ ਇਸ ਤਰ੍ਹਾਂ ਬਿਜਲੀ ਕੇਬਲਾਂ ਦਾ ਕੰਮ ਕਰਨਾ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਅਨੁਸਾਰ, ਮੋਟੀਆਂ ਕੇਬਲਾਂ ਨੂੰ ਉੱਚਾਈ ’ਤੇ ਲਿਜਾਣ ਜਾਂ ਵਿਛਾਉਣ ਸਮੇਂ ਜੇਕਰ ਕੋਈ ਕੇਬਲ ਜਾਂ ਹੋਰ ਸਮਾਨ ਅਚਾਨਕ ਹੇਠਾਂ ਡਿੱਗਦਾ ਹੈ ਤਾਂ ਹੇਠਾਂ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕੰਮ ਵਾਲੀ ਥਾਂ ’ਤੇ ਬੈਰੀਕੇਡਿੰਗ, ਸੇਫਟੀ ਜ਼ੋਨ, ਟ੍ਰੈਫਿਕ ਡਾਇਵਰਸ਼ਨ ਅਤੇ ਹੋਰ ਲੋੜੀਂਦੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਬਿਜਲੀ ਨਾਲ ਜੁੜੇ ਕੰਮ ਵਿੱਚ ਛੋਟੀ ਜਿਹੀ ਲਾਪਰਵਾਹੀ ਵੀ ਗੰਭੀਰ ਹਾਦਸੇ ਦਾ ਰੂਪ ਧਾਰ ਸਕਦੀ ਹੈ, ਇਸ ਲਈ ਠੇਕੇਦਾਰ ਅਤੇ ਸਬੰਧਤ ਵਿਭਾਗ ਨੂੰ ਸੁਰੱਖਿਆ ਮਾਪਦੰਡਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਚਾਹੀਦਾ।
ਅਰਵਿੰਦ ਸ਼ਰਮਾ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਬਿਜਲੀ ਨਾਲ ਸਬੰਧਤ ਹਾਦਸਿਆਂ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਇੱਕ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਟ੍ਰਾਂਸਫਾਰਮਰ ਡਿੱਗਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ। ਇਸ ਤੋਂ ਪਹਿਲਾਂ ਵੀ ਟ੍ਰਾਂਸਫਾਰਮਰ ਡਿੱਗਣ ਦੀ ਘਟਨਾ ਵਾਪਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਸਬਕ ਲੈਂਦਿਆਂ ਬਿਜਲੀ ਦੇ ਕੰਮਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਉਨ੍ਹਾਂ ਪੰਜਾਬ ਰਾਜ ਬਿਜਲੀ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਨਗਰ ਵਿੱਚ ਚੱਲ ਰਹੇ ਬਿਜਲੀ ਕੇਬਲ ਵਿਛਾਉਣ ਦੇ ਕੰਮ ਦੀ ਤੁਰੰਤ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਇਹ ਵੀ ਜਾਂਚਿਆ ਜਾਵੇ ਕਿ ਕੰਮ ਕਰ ਰਹੇ ਠੇਕੇਦਾਰ ਵੱਲੋਂ ਸਾਰੇ ਨਿਰਧਾਰਤ ਸੇਫਟੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ। ਜੇਕਰ ਜਾਂਚ ਦੌਰਾਨ ਕਿਸੇ ਕਿਸਮ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਜ਼ਰੂਰੀ ਹਨ, ਪਰ ਲੋਕਾਂ ਅਤੇ ਕਰਮਚਾਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
ਇਸ ਬਾਰੇ ਜਦੋਂ ਪੀਐਸ ਪੀਸੀਐਲ ਦੇ ਐਕਸੀਅਨ ਤਰਸੇਮ ਲਾਲ ਲਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਐਸਡੀਓ ਅਤੇ ਜੇਈ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਹਨ ਕਿ ਕੋਈ ਵੀ ਕੰਮ ਸੇਫਟੀ ਕਿੱਟ ਤੋਂ ਬਿਨਾਂ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਜੋ ਕੋਈ ਵੀ ਕੈਰੀਅਰਟੀ ਹੋਣ ਤੋਂ ਬਚਿਆ ਜਾ ਸਕੇ।
ਹੁਣ ਇੱਥੇ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਜੋ ਪੈਰਾਮੀਟਰ ਉਚ ਅਧਿਕਾਰੀਆਂ ਵੱਲੋਂ ਹੇਠਾਂ ਕੰਮ ਕਰਨ ਵਾਲਿਆਂ ਨੂੰ ਦੱਸੇ ਜਾਂਦੇ ਹਨ ਉਹ ਪੈਰਾਮੀਟਰ ਹੁਣ ਆਮ ਲੋਕ ਜਾਂ ਕੋਈ ਸਮਾਜ ਸੇਵੀ ਲੰਘਦੇ ਹੋਏ ਉਹ ਦੇਖ ਕੇ ਇਹਨਾਂ ਹੀ ਅਧਿਕਾਰੀਆਂ ਨੂੰ ਦੱਸਣਗੇ ਕਿ ਤੁਸੀਂ ਉਹ ਪੈਰਾਮੀਟਰ ਇਸ ਜਗ੍ਹਾ ਤੇ ਵਰਤਣਾ ਭੁੱਲ ਗਏ ਹੋ।
- Download Babushahi App
-
-