ਸੰਤ ਸੀਚੇਵਾਲ ਤੇ ਐੱਸ.ਐੱਸ.ਪੀ. ਗੌਰਵ ਤੁਰਾ ਦਾ ਵਿਸ਼ੇਸ਼ ਸਨਮਾਨ
ਐਂਟੀ ਡਰੱਗ ਕਲੱਬ ਦੇ ਚੇਅਰਮੈਨ ਡਾ. ਗਗਨਦੀਪ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ਼ ਯਤਨਾਂ ਦੀ ਸ਼ਲਾਘਾ
ਬਲਵਿੰਦਰ ਸਿੰਘ ਧਾਲੀਵਾਲ, ਸੁਲਤਾਨਪੁਰ ਲੋਧੀ:
ਨਸ਼ਿਆਂ ਦੇ ਖਾਤਮੇ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਮਕਸਦ ਨਾਲ ਐਂਟੀ ਡਰੱਗ ਕਲੱਬ ਦੇ ਚੇਅਰਮੈਨ ਡਾ. ਗਗਨਦੀਪ ਸਿੰਘ ਵੱਲੋਂ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੋਵਾਂ ਸ਼ਖ਼ਸੀਅਤਾਂ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਨੌਜਵਾਨਾਂ, ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਅਹਿਮ ਦੱਸਿਆ ਗਿਆ।
ਸਨਮਾਨ ਸਮਾਗਮ ਦੌਰਾਨ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਤੋਂ ਇਲਾਵਾ ਐੱਮ.ਡੀ. ਨਵਦੀਪ ਸਿੰਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਹਾਜ਼ਰ ਸ਼ਖ਼ਸੀਅਤਾਂ ਨੇ ਨਸ਼ਿਆਂ ਵਿਰੁੱਧ ਸਮਾਜਿਕ ਜਾਗਰੂਕਤਾ ਨੂੰ ਹੋਰ ਵਿਆਪਕ ਪੱਧਰ ’ਤੇ ਲਿਜਾਣ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਭੈੜੀ ਲਾਹਨਤ ਤੋਂ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ।
ਸਮਾਗਮ ਦੌਰਾਨ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਐੱਸ.ਐੱਸ.ਪੀ. ਗੌਰਵ ਤੁਰਾ ਨੂੰ ਸਨਮਾਨਿਤ ਕਰਦਿਆਂ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ।
- Download Babushahi App
-
-