ਕਿਸਾਨ ਜਥੇਬੰਦੀਆਂ ਦੀ ਘੁਰਕੀ ਤੋਂ ਬਾਅਦ ਡਰੋਨ ਸਰਵੇ ਸਬੰਧੀ ਸਫਾਈ ਦੇਣ ਲੱਗਾ ਬਠਿੰਡਾ ਪ੍ਰਸ਼ਾਸਨ
ਅਸ਼ੋਕ ਵਰਮਾ
ਬਠਿੰਡਾ, 21 ਅਗਸਤ 2026 : ਜ਼ਿਲ੍ਹੇ ਬਠਿੰਡਾ ਦੇ ਮੌੜ ਖੇਤਰ ਵਿੱਚ ਨਗਰ ਅਤੇ ਗ੍ਰਾਮੀਣ ਯੋਜਨਾਬੰਦੀ ਵਿਭਾਗ ਵੱਲੋਂ ਜਿਓਗ੍ਰਾਫਿਕ ਇਨਫਰਮੇਸ਼ਨ ਸਿਸਟਮ (ਜੀ.ਆਈ.ਐੱਸ.) ਅਧਾਰਤ ਮਾਸਟਰ ਪਲਾਨ ਤਿਆਰ ਕਰਨ ਲਈ ਡਰੋਨ ਰਾਹੀਂ ਸਰਵੇਖਣ ਕਰਵਾਉਣ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਦੀ ਘੁਰਕੀ ਤੋਂ ਬਾਅਦ ਪ੍ਰਸ਼ਾਸਨ ਨੇ ਸਫਾਈ ਦੇਣੀ ਸ਼ੁਰੂ ਕੀਤੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਹ ਜੀ.ਆਈ.ਐਸ ਆਧਾਰਤ ਮਾਸਟਰ ਪਲਾਨ ਤਿਆਰ ਹੋਣ ਨਾਲ ਇਹ ਡਾਟਾ ਸਰਕਾਰੀ ਸਕੀਮਾਂ ਤਿਆਰ ਕਰਨ ਦੇ ਨਾਲ-ਨਾਲ ਆਮ ਜਨਤਾ ਦੇ ਲਈ ਲਾਹੇਵੰਦ ਰਹੇਗਾ। ਡਾਟਾ ਇਕੱਤਰ ਕਰਨ ਉਪਰੰਤ ਇਸ ਦੀ ਪ੍ਰਕਾਸ਼ਨਾ ਵੀ ਕੀਤੀ ਜਾਵੇਗੀ ਅਤੇ ਆਮ ਜਨਤਾ ਪਾਸੋਂ ਇਸ ਸਬੰਧੀ ਇਤਰਾਜ਼ ਅਤੇ ਸੁਝਾਅ ਵੀ ਮੰਗੇ ਜਾਣਗੇ। ਇਸ ਉਪਰੰਤ ਹੀ ਮਾਸਟਰ ਪਲੈਨ ਫਾਈਨਲ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਸੀਨੀਅਰ ਟਾਊਨ ਪਲਾਨਰ, ਨਗਰ ਅਤੇ ਗ੍ਰਾਮੀਣ ਯੋਜਨਾਬੰਦੀ ਵਿਭਾਗ, ਬਠਿੰਡਾ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ ਮੌਜੂਦਾ ਭੂਮੀ ਵਰਤੋਂ ਪਲਾਨ (ਖੇਤੀਬਾੜੀ, ਵਪਾਰਕ, ਇਮਾਰਤਾਂ, ਜਲ ਸਰੋਤ, ਜੰਗਲ, ਸੜਕਾਂ ਆਦਿ ਲਈ ਸਥਾਨ) ਤਿਆਰ ਕਰਦਾ ਹੈ। ਇਸੇ ਆਧਾਰ 'ਤੇ ਕਿਸੇ ਖੇਤਰ ਦੇ ਮਾਸਟਰ ਪਲਾਨ ਤਿਆਰ ਕੀਤੇ ਜਾਂਦੇ ਹਨ। ਵਿਭਾਗ ਇਸੇ ਮਕਸਦ ਨਾਲ ਸੂਬੇ ਵਿੱਚ ਲੋੜ ਅਨੁਸਾਰ ਸਰਵੇਖਣ ਕਰ ਰਿਹਾ ਹੈ। ਇਸ ਵਿਭਾਗੀ ਵੱਲੋਂ ਮੌੜ ਨਗਰ ਕੌਂਸਲ ਅਤੇ ਇਸ ਦੇ ਨਾਲ ਲਗਦੇ ਕੁਝ ਪਿੰਡਾਂ ਨੂੰ ਸ਼ਾਮਲ ਕਰਦੇ ਹੋਏ ਮੌੜ ਖੇਤਰ ਦਾ ਮਾਸਟਰ ਪਲਾਨ ਵੀ ਤਿਆਰ ਕੀਤਾ ਜਾਣਾ ਹੈ, ਜਿਸ ਲਈ ਇਨ੍ਹਾਂ ਪਿੰਡਾ ਵਿਚ ਭੂਮੀ ਦੇ ਮੌਜੂਦਾ ਵਰਤੋਂ ਦੀ ਜਾਣਕਾਰੀ ਇੱਕਤਰ ਕੀਤੀ ਜਾ ਰਹੀ ਹੈ।
ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਪੈਦਲ ਜਾ ਕੇ ਲੈੰਡ-ਯੂਜ (ਭੂਮੀ ਵਰਤੋਂ) ਡਾਟਾ ਇਕੱਠਾ ਕਰਨ ਵਿਚ ਬਹੁਤ ਸਮਾਂ ਲਗਦਾ ਹੈ, ਇਸ ਲਈ ਮੌਜੂਦਾ ਟੈਕਨਾਲੋਜੀ ਦਾ ਸਹਾਰਾ ਲੈਂਦਿਆਂ ਡਰੋਨ ਸਰਵੇ ਚੁਣਿਆ ਗਿਆ ਹੈ। ਇਹ ਡਰੋਨ ਸਰਵੈ ਕਰਵਾਉਣ ਲਈ ਸਰਕਾਰ ਵੱਲੋਂ ਕੁਝ ਪ੍ਰਾਈਵੇਟ ਏਜੰਸੀਆਂ ਨੂੰ ਕੰਮ ਦਿੱਤਾ ਗਿਆ ਹੈ, ਜੋ ਸਰਵੇਖਣ ਕਰ ਰਹੀਆਂ ਹਨ। ਡਰੋਨ ਉਡਾਉਣ ਦੀ ਮਨਜ਼ੂਰੀ ਲਈ ਸਰਕਾਰ ਨੇ ਜੋ ਮਾਪਦੰਡ ਨਿਰਧਾਰਤ ਕੀਤੇ ਹੋਏ ਹਨ, ਉਨ੍ਹਾਂ ਹੇਠਾਂ ਡਰੋਨਾਂ ਦੀ ਵਰਤੋਂ ਦੀ ਇਜਾਜ਼ਤ ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਦੇ ਦਫ਼ਤਰ ਤੋਂ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਵਿਚ ਕੁੱਲ 141 ਮਾਸਟਰ ਪਲਾਨ ਤਿਆਰ ਕੀਤੇ ਜਾਣੇ ਸਨ, ਜਿਨ੍ਹਾਂ ਵਿੱਚੋਂ ਲਗਭਗ 46 ਦੇ ਮਾਸਟਰ ਪਲਾਨ ਤਿਆਰ ਹੋਣ ਉਪਰੰਤ ਨੋਟੀਫਾਈਡ ਹੋ ਚੁੱਕੇ ਹਨ। ਜਿਹਨਾਂ ਵਿਚੋਂ ਇਸ ਇਲਾਕੇ ਦੇ ਮਾਸਟਰ ਪਲਾਨ ਬਠਿੰਡਾ, ਤਲਵੰਡੀ ਸਾਬੋ, ਰਾਮਾਂਮੰਡੀ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਕੋਟਕਪੂਰਾ ਅਤੇ ਅਬੋਹਰ ਆਦਿ ਤਿਆਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਡਰੋਨਾ ਦਾ ਇਸਤੇਮਾਲ ਕੇਵਲ ਅਤੇ ਕੇਵਲ ਮੌਜੂਦਾ ਭੂਮੀ ਵਰਤਤੋਂ ਪਲਾਨ ਤਿਆਰ ਕਰਨ ਦੇ ਮਕਸਦ ਨਾਲ ਹੀ ਕੀਤਾ ਜਾ ਰਿਹਾ ਹੈ। ਇਸ ਵਿਭਾਗ ਵੱਲੋਂ ਇਸ ਡਰੋਨ ਸਰਵੈ ਰਾਹੀਂ ਕੋਈ ਵੀ ਭੂਮੀ ਗ੍ਰਹਿਣ ਦੀ ਯੋਜਨਾ ਨਹੀਂ ਉਲੀਕੀ ਜਾ ਰਹੀ ਹੈ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਪੱਸ਼ਟ ਕੀਤਾ ਕਿ ਇਸ ਡਰੋਨ ਸਰਵੈ ਦਾ ਮਕਸਦ ਕੇਵਲ ਮੌਜੂਦਾ ਭੌਂ ਵਰਤੋਂ ਪਲਾਨ ਨਾਲ ਸਬੰਧਤ ਡਾਟਾ ਇਕੱਠਾ ਕਰਨ ਨਾਲ ਹੈ ਨਾ ਕਿ ਕੋਈ ਜ਼ਮੀਨ ਐਕੁਆਇਰ ਕਰਨ ਨਾਲ ਜਾਂ ਕਿਸੇ ਇੰਡਸਟਰੀ ਸਥਾਪਤ ਕਰਨ ਜਾਂ ਕਰਵਾਉਣ ਨਾਲ ਹੈ।
- Download Babushahi App
-
-