ਕੇਂਦਰੀ ਯੂਨੀਵਰਸਿਟੀ ਵਿਖੇ ਨਵੇਂ ਵਿਦਿਆਰਥੀਆਂ ਦੇ ਸੁਆਗਤ ਲਈ ਸਮਾਗਮ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 20 ਅਗਸਤ 2026: ਅਕਾਦਮਿਕ ਸੈਸ਼ਨ 2026–27 ਦੀ ਸ਼ੁਰੂਆਤ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ 20–21 ਅਗਸਤ, 2026 ਨੂੰ ਦੋ ਦਿਨਾਂ ‘ਦੀਕਸ਼ਾਰੰਭ – ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 2026–27’ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਆਡੀਟੋਰੀਅਮ ਅਤੇ ਐਕਟੀਵਿਟੀ ਹਾਲ ਵਿਖੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਵਿਗਿਆਨ, ਮਨੁੱਖੀ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਵੱਖ-ਵੱਖ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਵਾਲੇ ਲਗਭਗ 1,400 ਪਹਿਲੇ ਸਾਲ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।
ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸੀਰਿਕਾ ਨੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸੀਯੂ ਪੰਜਾਬ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੂੰ ਨੈਕ ਵੱਲੋਂ ਏ ਪਲੱਸ ਗ੍ਰੇਡ ਪ੍ਰਾਪਤ ਹੈ ਅਤੇ ਐਨਆਈਆਰਐਫ 2025 ਦੀ ਯੂਨੀਵਰਸਿਟੀ ਸ਼੍ਰੇਣੀ ਵਿੱਚ 77ਵਾਂ ਸਥਾਨ ਹਾਸਲ ਹੋਇਆ ਹੈ। ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ 601–800 ਗਲੋਬਲ ਰੈਂਕ ਬੈਂਡ ਅਤੇ ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ 251–300 ਰੈਂਕ ਬੈਂਡ ਵਿੱਚ ਵੀ ਸਥਾਨ ਬਣਾਇਆ ਹੈ। ਪ੍ਰੋ. ਵੁਸੀਰਿਕਾ ਨੇ ਵਿਦਿਆਰਥੀਆਂ ਨੂੰ ਸੀਯੂ ਪੰਜਾਬ ਪਰਿਵਾਰ ਦਾ ਹਿੱਸਾ ਬਣਨ ’ਤੇ ਮਾਣ ਮਹਿਸੂਸ ਕਰਨ ਅਤੇ ਆਪਣੇ ਕਰੀਅਰ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਓਰੀਐਂਟੇਸ਼ਨ ਦੌਰਾਨ ਐਸੋਸੀਏਟ ਡੀਨ ਅਕਾਦਮਿਕਸ ਪ੍ਰੋ. ਪੀ.ਕੇ. ਮਿਸ਼ਰਾ ਅਤੇ ਸਵਯਮ ਕੋਆਰਡੀਨੇਟਰ ਪ੍ਰੋ. ਫੈਲਿਕਸ ਬਾਸਟ ਨੇ ਵਿਦਿਆਰਥੀਆਂ ਨੂੰ ਪਾਠਕ੍ਰਮ ਅਤੇ ਅਧਿਆਪਨ-ਸਿੱਖਣ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ ਨੇ ਯੂਨੀਵਰਸਿਟੀ ਦੀ ਮਾਨਤਾ, ਰੈਂਕਿੰਗ ਅਤੇ ਸਰਵੋਤਮ ਕਾਰਜ ਪ੍ਰਣਾਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਰਿਸਰਚ ਐਂਡ ਡਿਵੈਲਪਮੈਂਟ ਡਾਇਰੈਕਟਰ ਪ੍ਰੋ. ਅੰਜਨਾ ਮੁੰਸ਼ੀ ਅਤੇ ਸੈਂਟਰਲ ਇੰਸਟਰੂਮੈਂਟੇਸ਼ਨ ਲੈਬ ਦੇ ਇੰਚਾਰਜ ਪ੍ਰੋ. ਰਾਜ ਕੁਮਾਰ ਨੇ ਯੂਨੀਵਰਸਿਟੀ ਵਿੱਚ ਉਪਲਬਧ ਖੋਜ ਸਹੂਲਤਾਂ ਅਤੇ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਸ਼੍ਰੀ ਰਾਜੇਂਦਰ ਕਾਲਰਾ, ਡਿਪਟੀ ਰਜਿਸਟਰਾਰ (ਪ੍ਰੀਖਿਆਵਾਂ) ਅਤੇ ਡਾ. ਅਮਨਦੀਪ ਸਿੰਘ ਬਰਾੜ, ਡਿਪਟੀ ਨੋਡਲ ਅਫਸਰ, ਸਮਰਥ ਪਲੇਟਫਾਰਮ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ, ਵੱਖ-ਵੱਖ ਫਾਰਮਾਂ ਅਤੇ ਸਰਟੀਫਿਕੇਟਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਵਿਨੋਦ ਪਠਾਨੀਆ, ਕੋਆਰਡੀਨੇਟਰ, ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ, ਨੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਅਤੇ ਪਲੇਸਮੈਂਟ ਨਾਲ ਸਬੰਧਤ ਮੌਕਿਆਂ ਬਾਰੇ ਦੱਸਿਆ ਅਤੇ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਇੰਟਰਨਲ ਕੰਪਲੇਂਟਸ ਕਮੇਟੀ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ ਗਿਆ। ਪ੍ਰੋ. ਅੰਜਨਾ ਮੁੰਸ਼ੀ, ਚੇਅਰਪਰਸਨ, ਇੰਟਰਨਲ ਕੰਪਲੇਂਟਸ ਕਮੇਟੀ, ਅਤੇ ਪ੍ਰੋ. ਸੰਜੀਵ ਠਾਕੁਰ, ਡੀਨ, ਸਟੂਡੈਂਟਸ ਵੈਲਫੇਅਰ, ਨੇ ਵਿਦਿਆਰਥੀਆਂ ਨੂੰ ਸ਼ਿਕਾਇਤ ਦਰਜ ਕਰਨ ਅਤੇ ਉਪਲਬਧ ਸਹਾਇਤਾ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੂੰ ਯੂਨੀਵਰਸਿਟੀ ਲਾਇਬ੍ਰੇਰੀ ਦੀਆਂ ਸਹੂਲਤਾਂ ਅਤੇ ਸੇਵਾਵਾਂ ਬਾਰੇ ਡਾ. ਸੁਦੀਪ ਸ਼ਰਮਾ, ਲਾਇਬ੍ਰੇਰੀਅਨ, ਅਤੇ ਡਾ. ਭੁਪਿੰਦਰ ਸਿੰਘ, ਡਿਪਟੀ ਲਾਇਬ੍ਰੇਰੀਅਨ, ਨੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ. ਅਕਸ਼ੈ ਨਾਗ ਨੇ ਵਿਦਿਆਰਥੀਆਂ ਨੂੰ ਕਯੂਪੀਆਰਡੀਐਫ ਅਤੇ ਇਸ ਵੱਲੋਂ ਉਪਲਬਧ ਕਰਵਾਏ ਜਾ ਰਹੇ ਉੱਦਮਤਾ ਅਤੇ ਨਵੀਨਤਾ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ।
ਪ੍ਰੋਗਰਾਮ ਦੇ ਦੂਜੇ ਦਿਨ ਡੀਨ ਸਟੂਡੈਂਟਸ ਵੈਲਫੇਅਰ ਪ੍ਰੋ. ਸੰਜੀਵ ਠਾਕੁਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਹੋਸਟਲ, ਮੈਸ ਅਤੇ ਕੰਟੀਨ ਸਹੂਲਤਾਂ, ਅਨੁਸ਼ਾਸਨ ਅਤੇ ਐਂਟੀ-ਰੈਗਿੰਗ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਮੈਡੀਕਲ ਅਤੇ ਕਾਊਂਸਲਿੰਗ ਸਹੂਲਤਾਂ ਦੇ ਨਾਲ-ਨਾਲ ਐਨ.ਐਸ.ਐਸ., ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ‘ਕਮਾਉਂਦੇ ਹੋਏ ਸਿੱਖੋ ਯੋਜਨਾ’ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਖਰਾ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਜਾ ਰਿਹਾ ਹੈ। ‘ਦੀਕਸ਼ਾਰੰਭ 2026–27’ ਰਾਹੀਂ ਯੂਨੀਵਰਸਿਟੀ ਨਵੇਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਜੀਵਨ ਦੀ ਇੱਕ ਸੁਖਾਵੀਂ, ਸਕਾਰਾਤਮਕ ਅਤੇ ਆਤਮਵਿਸ਼ਵਾਸ ਭਰੀ ਸ਼ੁਰੂਆਤ ਦੇਣ ਦਾ ਯਤਨ ਕਰ ਰਹੀ ਹੈ।
- Download Babushahi App
-
-