ਸਿਵਲ ਹਸਪਤਾਲ ਦੀ ਪਾਰਕਿੰਗ ’ਚ ‘ਮਨਮਾਨੀ’! ਨਿਰਧਾਰਿਤ ਰੇਟਾਂ ਤੋਂ ਦੁੱਗਣੀ ਵਸੂਲੀ ਦੇ ਦੋਸ਼, ਠੇਕੇਦਾਰ ਨੇ ਦੋਸ਼ਾਂ ਨੂੰ ਨਕਾਰਿਆ
ਰੇਟ ਲਿਸਟ ਦੇ ਫਲੈਕਸ ਲੱਗੇ ਹੋਣ ਦੇ ਬਾਵਜੂਦ ਵੱਧ ਵਸੂਲੀ ਜਾਰੀ, ਐਸਐਮਓ ਦੀਆਂ ਹਦਾਇਤਾਂ ਦਾ ਵੀ ਅਸਰ ਜ਼ੀਰੋ?
ਜਗਰਾਉਂ: ਦੀਪਕ ਜੈਨ
ਸਿਵਲ ਹਸਪਤਾਲ ਜਗਰਾਉਂ ਵਿਖੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਾਰਕਿੰਗ ਫੀਸ ਦੇ ਨਾਮ ’ਤੇ ਕਥਿਤ ਤੌਰ ’ਤੇ ਨਿਰਧਾਰਿਤ ਰੇਟਾਂ ਤੋਂ ਵੱਧ ਰਕਮ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਾਰਕਿੰਗ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਦੀਆਂ ਕਥਿਤ ਤੌਰ ’ਤੇ ਧੱਜੀਆਂ ਉਡਾਉਂਦਿਆਂ ਆਪਣੀ ਮਨਮਰਜ਼ੀ ਦੇ ਰੇਟ ਵਸੂਲੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੀ ਪਾਰਕਿੰਗ ਲਈ ਟੂ-ਵੀਲਰ ਵਾਹਨ ਦਾ ਨਿਰਧਾਰਿਤ ਰੇਟ 5 ਰੁਪਏ, ਜਦਕਿ ਫੋਰ-ਵੀਲਰ ਦਾ ਰੇਟ 10 ਰੁਪਏ ਹੈ। ਇਸ ਦੇ ਉਲਟ ਟੂ-ਵੀਲਰ ਲਈ 10 ਰੁਪਏ ਅਤੇ ਫੋਰ-ਵੀਲਰ ਲਈ ਕਥਿਤ ਤੌਰ ’ਤੇ 20 ਤੋਂ 30 ਰੁਪਏ ਤੱਕ ਵਸੂਲੇ ਜਾਣ ਦੇ ਦੋਸ਼ ਹਨ। ਇਸ ਤਰ੍ਹਾਂ ਨਿਰਧਾਰਿਤ ਰਕਮ ਨਾਲੋਂ ਕਥਿਤ ਤੌਰ ’ਤੇ ਦੁੱਗਣੀ ਜਾਂ ਇਸ ਤੋਂ ਵੀ ਵੱਧ ਵਸੂਲੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਪਰਚੀ ’ਤੇ ਵੀ ਨਿਰਧਾਰਿਤ ਰੇਟ ਨਹੀਂ, ਪੈਨ ਨਾਲ ਲਿਖੀ ਜਾ ਰਹੀ ਰਕਮ
ਮਾਮਲੇ ਨੂੰ ਹੋਰ ਗੰਭੀਰ ਬਣਾਉਣ ਵਾਲੀ ਗੱਲ ਇਹ ਹੈ ਕਿ ਵਾਹਨ ਮਾਲਕਾਂ ਨੂੰ ਦਿੱਤੀ ਜਾਣ ਵਾਲੀ ਪਾਰਕਿੰਗ ਪਰਚੀ ’ਤੇ ਨਿਰਧਾਰਿਤ ਰੇਟ ਦਰਜ ਹੋਣ ਦੀ ਬਜਾਏ ਕਥਿਤ ਤੌਰ ’ਤੇ ਪੈਨ ਨਾਲ ਮਨਮਰਜ਼ੀ ਦੀ ਰਕਮ ਲਿਖ ਕੇ ਵਸੂਲੀ ਕੀਤੀ ਜਾ ਰਹੀ ਹੈ। ਸ਼ਿਕਾਇਤਾਂ ਮਿਲਣ ਤੋਂ ਬਾਅਦ ਜਦੋਂ ਮੀਡੀਆ ਵੱਲੋਂ ਖੁਦ ਟੂ-ਵੀਲਰ ਵਾਹਨ ਪਾਰਕ ਕਰਵਾਇਆ ਗਿਆ ਤਾਂ ਉਸ ਦੀ 10 ਰੁਪਏ ਦੀ ਪਰਚੀ ਕੱਟੀ ਗਈ, ਜਦਕਿ ਦੱਸਿਆ ਜਾ ਰਿਹਾ ਹੈ ਕਿ ਨਿਰਧਾਰਿਤ ਰੇਟ 5 ਰੁਪਏ ਹੈ।
ਐਸਐਮਓ ਦੇ ਧਿਆਨ ਵਿੱਚ ਮਾਮਲਾ ਕਈ ਵਾਰ, ਫਿਰ ਵੀ ‘ਮਨਮਾਨੀ’ ਜਾਰੀ?
ਜਾਣਕਾਰੀ ਅਨੁਸਾਰ ਪਾਰਕਿੰਗ ਵਿੱਚ ਕਥਿਤ ਵੱਧ ਵਸੂਲੀ ਦਾ ਮਾਮਲਾ ਪਹਿਲਾਂ ਵੀ ਕਈ ਵਾਰ ਸਿਵਲ ਹਸਪਤਾਲ ਜਗਰਾਉਂ ਦੇ ਐਸਐਮਓ ਡਾ. ਅਮਨ ਸ਼ਰਮਾ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਪਾਰਕਿੰਗ ਵਿੱਚ ਮਨਮਰਜ਼ੀ ਦੇ ਰੇਟ ਵਸੂਲੇ ਜਾਣ ਦੇ ਦੋਸ਼ ਲਗਾਤਾਰ ਸਾਹਮਣੇ ਆ ਰਹੇ ਹਨ। ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਹਸਪਤਾਲ ਪ੍ਰਬੰਧਨ ਨੂੰ ਮਾਮਲੇ ਦੀ ਜਾਣਕਾਰੀ ਸੀ ਤਾਂ ਕਥਿਤ ਵੱਧ ਵਸੂਲੀ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੀਤੀ ਗਈ ਕਾਰਵਾਈ ਦਾ ਜ਼ਮੀਨੀ ਅਸਰ ਕਿਉਂ ਦਿਖਾਈ ਨਹੀਂ ਦੇ ਰਿਹਾ?
ਐਸਐਮਓ ਬੋਲੇ: ‘ਇੱਕ ਰੁਪਇਆ ਵੀ ਵੱਧ ਨਹੀਂ ਵਸੂਲਣ ਦਿੱਤਾ ਜਾਵੇਗਾ’
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਜਗਰਾਉਂ ਦੇ ਐਸਐਮਓ ਡਾ. ਅਮਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਾਰਕਿੰਗ ਠੇਕੇਦਾਰ ਨੂੰ ਬੁਲਾ ਕੇ ਸਪੱਸ਼ਟ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਟੈਂਡਰ ਵਿੱਚ ਨਿਰਧਾਰਿਤ ਰਕਮ ਤੋਂ ਵੱਧ ਇੱਕ ਰੁਪਇਆ ਵੀ ਵਸੂਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਡਾ. ਅਮਨ ਸ਼ਰਮਾ ਅਨੁਸਾਰ ਠੇਕੇਦਾਰ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਨਿਰਧਾਰਿਤ ਰੇਟ ਤੋਂ ਵੱਧ ਵਸੂਲੀ ਦੀ ਕੋਈ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਉਸਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਐਸਐਮਓ ਨੇ ਇਹ ਵੀ ਦੱਸਿਆ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਕਥਿਤ ਵੱਧ ਪਾਰਕਿੰਗ ਫੀਸ ਵਸੂਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਹਸਪਤਾਲ ਦੀ ਪਾਰਕਿੰਗ ਦੇ ਨੇੜੇ ਉਨ੍ਹਾਂ ਵੱਲੋਂ ਜਾਰੀ ਹਦਾਇਤਾਂ ਅਤੇ ਨਿਰਧਾਰਿਤ ਪਾਰਕਿੰਗ ਰੇਟਾਂ ਸਬੰਧੀ ਫਲੈਕਸ ਬੋਰਡ ਵੀ ਲਗਵਾਏ ਗਏ ਹਨ, ਤਾਂ ਜੋ ਆਮ ਲੋਕਾਂ ਨੂੰ ਸਹੀ ਰੇਟ ਦੀ ਜਾਣਕਾਰੀ ਰਹੇ ਅਤੇ ਉਨ੍ਹਾਂ ਤੋਂ ਗਲਤ ਰਕਮ ਨਾ ਵਸੂਲੀ ਜਾ ਸਕੇ।
ਫਲੈਕਸ ਬੋਰਡ ਲੱਗੇ, ਹਦਾਇਤਾਂ ਜਾਰੀ ਹੋਈਆਂ, ਫਿਰ ਵੀ ਕਥਿਤ ਵਸੂਲੀ ਕਿਵੇਂ?
ਇਸ ਦੇ ਬਾਵਜੂਦ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਪਾਰਕਿੰਗ ਦੇ ਨੇੜੇ ਸਰਕਾਰੀ ਨਿਰਧਾਰਿਤ ਰੇਟਾਂ ਦੀ ਜਾਣਕਾਰੀ ਵਾਲੇ ਫਲੈਕਸ ਬੋਰਡ ਲਗਾਏ ਗਏ ਹਨ ਅਤੇ ਠੇਕੇਦਾਰ ਨੂੰ ਕਥਿਤ ਤੌਰ ’ਤੇ ਸਖ਼ਤ ਹਦਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ ਤਾਂ ਫਿਰ ਕਥਿਤ ਤੌਰ ’ਤੇ ਵੱਧ ਰਕਮ ਵਸੂਲਣ ਦਾ ਸਿਲਸਿਲਾ ਕਿਵੇਂ ਜਾਰੀ ਹੈ?
ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ ਪਹਿਲਾਂ ਹੀ ਬਿਮਾਰੀ ਅਤੇ ਇਲਾਜ ਦੇ ਖ਼ਰਚਿਆਂ ਨਾਲ ਜੂਝ ਰਹੇ ਹੁੰਦੇ ਹਨ। ਅਜਿਹੇ ਵਿੱਚ ਜੇਕਰ ਪਾਰਕਿੰਗ ਦੇ ਨਾਮ ’ਤੇ ਵੀ ਨਿਰਧਾਰਿਤ ਰਕਮ ਤੋਂ ਵੱਧ ਵਸੂਲੀ ਦੇ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਇਹ ਮਾਮਲਾ ਗੰਭੀਰ ਜਾਂਚ ਦੀ ਮੰਗ ਕਰਦਾ ਹੈ।
ਠੇਕੇਦਾਰ ਨੇ ਵੱਧ ਵਸੂਲੀ ਦੀ ਜਾਣਕਾਰੀ ਤੋਂ ਕੀਤਾ ਇਨਕਾਰ
ਜਦੋਂ ਇਸ ਸਬੰਧੀ ਪਾਰਕਿੰਗ ਠੇਕੇਦਾਰ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਸਨੇ ਵੱਧ ਰਕਮ ਵਸੂਲਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਠੇਕੇਦਾਰ ਨੇ ਕਿਹਾ ਕਿ ਉਹ ਆਪਣੇ ਹੋਰ ਕੰਮਾਂ ਵਿੱਚ ਰੁਝੇ ਹੋਏ ਹਨ ਅਤੇ ਜਲਦ ਹੀ ਜਗਰਾਉਂ ਆ ਕੇ ਮਾਮਲੇ ਦੀ ਜਾਣਕਾਰੀ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਨਿਰਧਾਰਿਤ ਰਕਮ ਤੋਂ ਵੱਧ ਵਸੂਲੀ ਹੋ ਰਹੀ ਹੈ ਤਾਂ ਅੱਗੇ ਤੋਂ ਨਿਰਧਾਰਿਤ ਰੇਟ ਤੋਂ ਵੱਧ ਰਕਮ ਨਹੀਂ ਵਸੂਲੀ ਜਾਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਸਿਵਲ ਹਸਪਤਾਲ ਪ੍ਰਬੰਧਨ ਵੱਲੋਂ ਇਸ ਮਾਮਲੇ ਦੀ ਕਿੰਨੀ ਗੰਭੀਰਤਾ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਨਿਰਧਾਰਿਤ ਰੇਟਾਂ ਤੋਂ ਵੱਧ ਵਸੂਲੀ ਦੇ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ। ਫਿਲਹਾਲ ਮਰੀਜ਼ਾਂ ਅਤੇ ਆਮ ਲੋਕਾਂ ਵਿੱਚ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦੋਂ ਰੇਟ ਹਸਪਤਾਲ ਦੀ ਕੰਧ ’ਤੇ ਲਿਖੇ ਹਨ ਤਾਂ ਪਾਰਕਿੰਗ ਦੀ ਪਰਚੀ ’ਤੇ ਮਨਮਰਜ਼ੀ ਦਾ ਰੇਟ ਕਿਉਂ?
- Download Babushahi App
-
-