ਭਾਰਤ ਅਮਰੀਕਾ ਵਪਾਰ ਸਮਝੌਤੇ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਕਾਰਗਿਲ ਫੈਕਟਰੀ ਅੱਗੇ ਧਰਨਾ
ਅਸ਼ੋਕ ਵਰਮਾ
ਬਠਿੰਡਾ, 20 ਅਗਸਤ 2026 : ਭਾਰਤ-ਅਮਰੀਕਾ ਵਪਾਰ ਸਮਝੌਤਾ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਲਈ ਮੁਆਵਜ਼ਾ ਅਤੇ ਪੁਲਿਸ ਜਬਰ ਵਰਗੇ ਮੁੱਦਿਆਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਚੱਲ ਰਹੇ ਸੰਘਰਸ਼ਾਂ ਨੂੰ ਕਾਰਪੋਰੇਟਾਂ ਵਿਰੁੱਧ ਸੇਧਤ ਕਰਦਿਆਂ ਸਾਮਰਾਜੀ ਲੁੱਟ ਦੇ ਕਾਰੋਬਾਰਾਂ ਖਿਲਾਫ ਧਰਨੇ ਦੇਣ ਦੇ ਫੈਸਲੇ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਵਿਖੇ ਖੁਸ਼ਕ ਬੰਦਰਗਾਹ ਵਿੱਚ ਸਥਿੱਤ ਕੈਟਲ ਕਾਰਗਿਲ ਕੰਪਨੀ ਦੀ ਕੈਟਲ ਫੀਡ ਫੈਕਟਰੀ ਅੱਗੇ ਇੱਕ ਰੋਜਾ ਧਰਨਾ ਦਿੱਤਾ ਜਿਸ ਵਿੱਚ ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਲੁਧਿਆਣਾ ਅਤੇ ਫਾਜਿਲਕਾ ਜ਼ਿਲੇ ਦੇ ਕਿਸਾਨ, ਮਜ਼ਦੂਰ ਅਤੇ ਔਰਤਾਂ ਸ਼ਾਮਿਲ ਹੋਏ। ਅੱਜ ਦੇ ਧਰਨੇ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਔਰਤ ਜਥੇਬੰਦੀ ਦੀ ਸੂਬਾ ਆਗੂ ਹਰਿੰਦਰ ਬਿੰਦੂ, ਜਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਬਰਨਾਲਾ ਤੋਂ ਚਮਕੌਰ ਸਿੰਘ ਨੈਣੇਵਾਲ, ਮੋਗਾ ਤੋਂ ਅਮਰਜੀਤ ਸਿੰਘ ਸੈਦੋਕੇ, ਫਾਜਿਲਕਾ ਤੋਂ ਜਗਸੀਰ ਸਿੰਘ ਘੋਲਾ ਅਤੇ ਫਰੀਦਕੋਟ ਤੋਂ ਨੱਥਾ ਸਿੰਘ ਰੋੜੀ ਕਪੂਰਾ ਨੇ ਸੰਬੋਧਨ ਕੀਤਾ ।
ਕਿਸਾਨ ਆਗੂਆਂ ਨੇ ਕਿਹਾ ਕਿ ਦੁਨੀਆਂ ਦੀਆਂ ਸਾਮਰਾਜੀ ਰਾਸ਼ਟਰੀ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਭਾਰਤ ਵਿੱਚ ਵੱਡੇ ਕਾਰੋਬਾਰਾਂ ਰਾਹੀਂ ਦੇਸ਼ ਦੇ ਕਿਰਤੀ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ ਅਤੇ ਇਸ ਲੁੱਟ ਨੂੰ ਜਾਰੀ ਰੱਖਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਖੁੱਲੀਆਂ ਛੋਟਾਂ ਦਿੱਤੀਆਂ ਹੋਈਆਂ ਹਨ। ਇਹਨਾਂ ਕੰਪਨੀਆਂ ਨੂੰ ਵੱਡੀਆਂ ਟੈਕਸ ਛੋਟਾਂ ਦੇ ਕੇ ਅਤੇ ਇਹਨਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਅਤੇ ਟੈਕਸ ਮੁਆਫ ਕੀਤੇ ਜਾਂਦੇ ਹਨ ਜਦੋਂ ਕਿ ਲੁੱਟ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਸਿਰ ਕਰਜੇ ਦੀਆਂ ਪੰਡਾਂ ਚੜੀਆਂ ਹੋਈਆਂ ਹਨ ਅਤੇ ਨਿੱਤ ਦਿਨ ਬੇਰੋਕ ਟੋਕ ਵਧ ਰਹੀ ਮਹਿੰਗਾਈ ਕਰਕੇ ਇਹ ਕਰਜਾ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਗਰੀਬ ਲੋਕਾਂ ਨੂੰ ਰੋਜਾਨਾ ਪੂਰੇ ਡੰਗ ਦੀ ਰੋਟੀ ਵੀ ਨਹੀਂ ਮਿਲ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ 30 ਅਗਸਤ ਤੋਂ ਇਹਨਾਂ ਮੰਗਾਂ ਤੇ ਪੂਰਤੀ ਲਈ ਜ਼ਿਲ੍ਹਾ ਦਫਤਰਾਂ ਅੱਗੇ ਪੱਕੇ ਮੋਰਚੇ ਲਾਏ ਜਾਣਗੇ।
ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਵਾਰਤਾ ਰੱਦ ਕਰੋ। ਸਭਨਾਂ ਸਾਮਰਾਜੀ ਮੁਲਕਾਂ ਨਾਲ ਕੀਤੇ ਹੋਏ ਮੁਕਤ ਵਪਾਰ ਸਮਝੌਤੇ ਰੱਦ ਕਰੋ,ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਦੀ ਵਿਉਂਤ ਰੱਦ ਕਰੋ,ਆਬਾਦਕਾਰਾਂ, ਸਾਬਕਾ ਮੁਜਾਰੇ ਕਿਸਾਨਾਂ ਸਮੇਤ ਦਹਾਕਿਆਂ ਤੋਂ ਕਾਸ਼ਤਕਾਰ ਤੁਰੇ ਆ ਰਹੇ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਓ,ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਦਿਹਾੜੀਦਾਰ ਕਿਰਤੀਆਂ ਦੇ ਸਾਰੇ ਕਰਜ਼ੇ ਖਤਮ ਕਰੋ। ਖੁਦਕੁਸ਼ੀ ਪੀੜਿਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦਿਓ,ਕਿਸਾਨਾਂ, ਖੇਤ ਮਜ਼ਦੂਰ, ਵਾਤਾਵਰਨ ਪੱਖੀ ਅਤੇ ਕਾਰਪੋਰੇਟਾਂ ਤੇ ਜਗੀਰਦਾਰਾਂ ਵਿਰੋਧੀ ਪੰਜਾਬ ਦੀ ਖੇਤੀ ਨੀਤੀ ਬਣਾਓ ਤੇ ਲਾਗੂ ਕਰੋ,ਸੰਘਰਸ਼ਾਂ ਦੌਰਾਨ ਕਿਸਾਨ ਆਗੂਆਂ/ਵਰਕਰਾਂ 'ਤੇ ਪਾਏ ਸਾਰੇ ਝੂਠੇ ਕੇਸ ਅਤੇ ਪਰਾਲੀ ਸਾੜਨ ਦੇ ਦਰਜ ਕੀਤੇ ਕੇਸ ਰੱਦ ਕਰੋ, ਸੂਬੇ ਅੰਦਰ ਸੰਘਰਸ਼ ਕਰਦੇ ਲੋਕਾਂ 'ਤੇ ਜਬਰ ਢਾਉਣਾ ਬੰਦ ਕਰੋ। ਸੰਘਰਸ਼ ਕਰਨ ਦੇ ਜਮਹੂਰੀ ਹੱਕ ਦੀ ਜਾਮਨੀ ਕਰੋ। ਝੂਠੇ ਪੁਲਿਸ ਮੁਕਾਬਲਿਆਂ ਨਾਲ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦਾ ਦਮਨ ਬੰਦ ਕਰੋ। ਸਾਰੇ ਜਾਬਰ ਕਾਲੇ ਕਾਨੂੰਨ ਰੱਦ ਕਰੋ,ਪਿਛਲੇ ਸਾਲ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਕਾਸ਼ਤਕਾਰਾਂ ਨੂੰ ਦਿਓ, ਹੜ੍ਹਾਂ ਦੀ ਰੋਕਥਾਮ ਲਈ ਡਰੇਨਾਂ-ਨਾਲਿਆਂ ਦੀ ਸਫ਼ਾਈ ਤੋਂ ਲੈ ਕੇ ਬੰਨ੍ਹ ਮਜਬੂਤ ਕਰਨ ਤੇ ਬੱਜਟ ਰਕਮਾਂ ਜਟਾਉਣ ਵਰਗੇ ਲੋੜੀਂਦੇ ਕਦਮ ਫੌਰੀ ਚੁੱਕੋ,ਬਿਜਲੀ ਬਿੱਲ, ਬੀਜ ਬਿੱਲ, ਕਿਰਤ ਕੋਡ ਤੇ ਜੀ ਰਾਮ ਜੀ ਵਰਗੇ ਨਵੇਂ ਲੋਕ ਦੋਖੀ ਕਾਨੂੰਨ ਰੱਦ ਕਰੋ,ਮਹਿੰਗਾਈ ਵਧਾਉਣ ਦੇ ਸਾਰੇ ਕਦਮ ਰੋਕੋ, ਤੇਲ, ਗੈਸ, ਖੰਡ, ਖਾਦਾਂ ਤੇ ਹੋਰਨਾਂ ਕੀਮਤਾਂ 'ਚ ਕੀਤੇ ਵਾਧੇ ਵਾਪਸ ਲਓ,ਬਹੁ ਕੌਮੀ ਸਾਮਰਾਜੀ ਕੰਪਨੀਆਂ, ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ 'ਤੇ ਭਾਰੀ ਟੈਕਸ ਲਾਓ। ਲੋਕਾਂ ਤੋਂ ਟੈਕਸਾਂ ਦਾ ਭਾਰ ਘਟਾਓ। ਕਿਸਾਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰੀ ਜਾਇਦਾਦਾਂ ਵੇਚਣਾ ਬੰਦ ਕਰੋ,ਸਾਰੀਆਂ ਫਸਲਾਂ 'ਤੇ ਸੀ 2+50% ਫਾਰਮੂਲੇ ਨਾਲ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਉ। ਸਰਬ ਵਿਆਪਕ ਜਨਤਕ ਵੰਡ ਪ੍ਰਣਾਲੀ (PDS) ਨੂੰ ਲਾਗੂ ਕਰੋ,ਦਰਿਆਈ ਪਾਣੀਆਂ ਦੀ ਵੰਡ ਦਾ ਰੱਟਾ ਕੌਮਾਂਤਰੀ ਅਸੂਲਾਂ ਅਨੁਸਾਰ ਤੇ ਲੋਕਾਂ 'ਚ ਸਦਭਾਵਨਾ ਕਾਇਮ ਰੱਖਣ ਦੀ ਪਹੁੰਚ ਨਾਲ ਹੱਲ ਕਰੋ। ਸੌੜੀਆਂ ਵੋਟ ਗਿਣਤੀਆਂ ਤਹਿਤ ਇਸ ਨੂੰ ਇਲਾਕਾਈ ਤੇ ਫਿਰਕੂ ਪਾਟਕਾਂ ਦਾ ਹੱਥਾ ਬਣਾਉਣਾ ਬੰਦ ਕਰੋ। ਦੇਸ਼ ਭਰ ਅੰਦਰ ਪਾਣੀ ਦੇ ਸੋਮਿਆਂ ਨੂੰ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਰੱਦ ਕਰੋ ਤੇ ਇਸ ਕੁਦਰਤੀ ਦਾਤ ਦੀ ਸੰਭਾਲ ਲਈ ਬੱਜਟ ਯਕੀਨੀ ਬਣਾਓ।ਅੱਜ ਦੇ ਇਕੱਠ ਵਲੋਂ ਲੋਕ ਅਵਾਜ਼ ਟੀ ਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਕਤਲ ਵਰਗੀਆਂ ਸਖ਼ਤ ਧਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਨਿਖੇਧੀ ਕੀਤੀ ਅਤੇ ਇਹ ਝੂਠਾ ਪਰਚਾ ਤਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਮੌੜ ਜੋਨ ਏਰੀਏ ਵਿੱਚ ਡਰੋਨ ਨਾਲ ਨਿਰੀਖਣ ਕਰਨ ਸਬੰਧੀ ਐਸਡੀਐਮ ਮੌੜ ਨੂੰ ਆਪਣੀ ਟੀਮ ਨਾਲ ਮਿਲ ਕੇ ਆਏ ਪ੍ਰਧਾਨ ਝੰਡਾ ਸਿੰਘ ਸਿੰਘ ਜੇਠੂਕੇ ਨੇ ਕਿਹਾ ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪਿੰਡਾਂ ਜਾਂ ਖੇਤਾਂ ਵਿੱਚ ਨਿਰੀਖਣ ਕਰਨ ਆਏ ਅਧਿਕਾਰੀਆਂ ਦਾ ਵਿਰੋਧ ਕੀਤਾ ਜਾਵੇਗਾ।
- Download Babushahi App
-
-