ਭਾਰਤੀ ਫੌਜ ਦੀ ਥਰੀ ਜੈਕ LI ਯੂਨਿਟ ਵੱਲੋਂ ਬਿਰਧ ਆਸ਼ਰਮ ਨੂੰ ਗੋਦ ਲੈ ਕੇ ਮੈਡੀਕਲ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ, 19 ਅਗਸਤ
ਸਰਬੱਤ ਦਾ ਭਲਾ ਵੈਲਫੇਅਰ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਨੂੰ ਭਾਰਤੀ ਫੌਜ ਦੀ ਥਰੀ ਜੈਕ LI ਯੂਨਿਟ ਵੱਲੋਂ ਗੋਦ ਲਿਆ ਗਿਆ ਹੈ। ਇਸ ਤਹਿਤ ਕਰਨਲ ਪੁਸ਼ਪ ਰਾਜ, ਕਮਾਂਡਿੰਗ ਅਫ਼ਸਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਬਿਰਧ ਆਸ਼ਰਮ ਵਿੱਚ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਮੈਡੀਕਲ ਕੈਂਪ ਦੌਰਾਨ 57 ਬੇਸਹਾਰਾ ਅਤੇ ਲੋੜਵੰਦ ਬਜ਼ੁਰਗਾਂ ਦਾ ਸਿਹਤ ਜਾਂਚ (ਚੈੱਕਅੱਪ) ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਇਹ ਪ੍ਰੋਗਰਾਮ ਸ਼ਹੀਦ ਸੈਨਿਕ ਸੁਰੱਖਿਆ ਪਰਿਸ਼ਦ ਦੇ ਸਹਿਯੋਗ ਨਾਲ ਕੀਤਾ ਗਿਆ।
ਸਮਾਗਮ ਦੌਰਾਨ ਬੋਲਦਿਆਂ ਸ੍ਰੀ ਕੁਲਦੀਪ ਚੰਦ, ਸਹਾਇਕ ਕਮਿਸ਼ਨਰ (ਜ) ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਹਰ ਮਹੀਨੇ ਬੇਸਹਾਰਾ ਬਜ਼ੁਰਗਾਂ ਨੂੰ ਮੁਫ਼ਤ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਅਜਿਹੇ ਉਪਰਾਲਿਆਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੇ ਭਾਰਤੀ ਫੌਜ, ਜ਼ਿਲ੍ਹਾ ਪ੍ਰਸ਼ਾਸਨ, ਡਾਕਟਰੀ ਟੀਮ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਬਜ਼ੁਰਗਾਂ ਦੀ ਸਿਹਤ ਅਤੇ ਮਨੋਬਲ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਸ਼ਹੀਦ ਸੈਨਿਕ ਸੁਰੱਖਿਆ ਪਰਿਸ਼ਦ ਦੇ ਸਕੱਤਰ ਕੁੰਵਰ ਰਵਿੰਦਰ ਵਿੱਕੀ, ਸਮਰਪਣ ਸੋਸਾਇਟੀ ਦੇ ਸਕੱਤਰ ਪਰਮਿੰਦਰ ਸਿੰਘ ਸੈਣੀ, ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ, ਐਸ.ਐਮ.ਓ. ਦੀਨਾਨਗਰ ਡਾ. ਵਰਿੰਦਰ ਮੋਹਨ, ਜ਼ਿਲ੍ਹਾ ਸਾਈਕਿਆਟ੍ਰਿਸਟ ਇੰਚਾਰਜ, ਸਿਵਲ ਹਸਪਤਾਲ ਗੁਰਦਾਸਪੁਰ ਡਾ. ਮਹਿਤਰੀ ਅਤੇ ਮੈਡੀਕਲ ਸਪੈਸ਼ਲਿਸਟ ਡਾ. ਨੇਹਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
- Download Babushahi App
-
-