ਵਿਸ਼ਵ ਫੋਟੋਗ੍ਰਾਫੀ ਦਿਵਸ 'ਤੇ ਟ੍ਰਾਈਸਿਟੀ ਫੋਟੋ ਆਰਟ ਸੋਸਾਇਟੀ ਵੱਲੋਂ ਫੋਟੋ ਪ੍ਰਦਰਸ਼ਨੀ 'ਦ੍ਰਿਸ਼ਟੀ-2026'
ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ 19 ਤੋਂ 23 ਅਗਸਤ ਤੱਕ
ਵਿਧਾਨ ਸਭਾ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ 19 ਅਗਸਤ ਨੂੰ ਕਰਨਗੇ ਉਦਘਾਟਨ
ਚੰਡੀਗੜ੍ਹ - ਟ੍ਰਾਈਸਿਟੀ ਫੋਟੋ ਆਰਟ ਸੋਸਾਇਟੀ (TPAS) ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਸਾਲਾਨਾ ਫੋਟੋ ਪ੍ਰਦਰਸ਼ਨੀ 'ਦ੍ਰਿਸ਼ਟੀ-2026' ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ 19 ਅਗਸਤ ਨੂੰ ਦੁਪਹਿਰ 12 ਵਜੇ ਕਰਨਗੇ। ਇਹ ਪੰਜ ਰੋਜ਼ਾ ਫੋਟੋ ਪ੍ਰਦਰਸ਼ਨੀ ਪੰਜਾਬ ਲਲਿਤ ਕਲਾ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ 19 ਤੋਂ 23 ਅਗਸਤ ਤੱਕ ਲਗਾਈ ਜਾ ਰਹੀ ਹੈ। ਪ੍ਰਦਰਸ਼ਨੀ ਦੌਰਾਨ ਫੋਟੋਗ੍ਰਾਫੀ ਕਲਾ ਨੂੰ ਸਮਰਪਿਤ ਵੱਖ-ਵੱਖ ਵਿਸ਼ਿਆਂ 'ਤੇ ਤਿੰਨ ਵਰਕਸ਼ਾਪਾਂ ਵੀ ਕਰਵਾਈਆਂ ਜਾਣਗੀਆਂ, ਜੋ 20, 21 ਅਤੇ 22 ਅਗਸਤ ਨੂੰ ਹੋਣਗੀਆਂ।
24 ਮੈਂਬਰਾਂ ਦੀਆਂ 60 ਫੋਟੋਆਂ ਹੋਣਗੀਆਂ ਪ੍ਰਦਰਸ਼ਿਤ:
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਹਰ ਸਾਲ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਹੈ। TPAS (ਤਪਸ) ਨੂੰ ਸਥਾਪਿਤ ਹੋਏ 11 ਸਾਲ ਹੋ ਗਏ ਹਨ। ਇਸ ਦੌਰਾਨ ਸੰਸਥਾ ਵੱਲੋਂ ਖੇਤਰ ਵਿੱਚ ਫੋਟੋਗ੍ਰਾਫੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਕਈ ਵਿਸ਼ੇਸ਼ ਫੋਟੋ ਪ੍ਰਦਰਸ਼ਨੀਆਂ, ਮੁਕਾਬਲੇ, ਫੋਟੋ ਵਾਕ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਸੰਸਥਾ ਦਾ ਉਦੇਸ਼ ਫੋਟੋਗ੍ਰਾਫੀ ਨੂੰ ਸਿਰਫ਼ ਇੱਕ ਸ਼ੌਕ ਤੱਕ ਸੀਮਤ ਨਾ ਰੱਖ ਕੇ ਇੱਕ ਕਲਾ ਵਜੋਂ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਪ੍ਰਦਰਸ਼ਨੀ ਵਿੱਚ ਸੰਸਥਾ ਦੇ 24 ਮੈਂਬਰਾਂ ਦੀਆਂ 60 ਫੋਟੋਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਜਿਸ ਵਿੱਚ ਫੋਟੋ ਪ੍ਰੇਮੀਆਂ ਨੂੰ ਲੈਂਡਸਕੇਪ, ਆਰਕੀਟੈਕਚਰ, ਸਟ੍ਰੀਟ ਲਾਈਫ, ਨੇਚਰ, ਵਾਈਲਡ ਲਾਈਫ, ਗਲਾਸਵੇਅਰ ਫੋਟੋਗ੍ਰਾਫੀ ਅਤੇ ਹੋਰ ਵਿਸ਼ਿਆਂ 'ਤੇ ਬਿਹਤਰੀਨ ਕਲਾਤਮਕ ਤਸਵੀਰਾਂ ਦੇਖਣ ਦਾ ਮੌਕਾ ਮਿਲੇਗਾ।
ਫੋਟੋਗ੍ਰਾਫੀ ਵਰਕਸ਼ਾਪਸ:
ਪ੍ਰਦਰਸ਼ਨੀ ਦੇ ਨਾਲ ਹੋਣ ਵਾਲੀਆਂ ਫੋਟੋਗ੍ਰਾਫੀ ਵਰਕਸ਼ਾਪਾਂ ਦੌਰਾਨ, ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਪੁਰਸਕਾਰ ਜੇਤੂ ਫੋਟੋਗ੍ਰਾਫਰ ਵਿਨੋਦ ਚੌਹਾਨ 20 ਅਗਸਤ ਨੂੰ GO WILD ਸਿਰਲੇਖ ਵਾਲੀ ਵਰਕਸ਼ਾਪ ਵਿੱਚ ਜੰਗਲੀ ਜੀਵਨ ਫੋਟੋਗ੍ਰਾਫੀ 'ਤੇ ਆਪਣੇ ਤਜ਼ਰਬੇ ਸਾਂਝੇ ਕਰਨਗੇ। 21 ਅਗਸਤ ਨੂੰ ਇੱਕ ਕੈਨਨ ਮਾਹਰ ਬੇਸਿਕਸ ਅਤੇ ਪੋਰਟਰੇਟ ਬਾਰੇ ਦੱਸਣਗੇ, ਅਤੇ 40 ਸਾਲਾਂ ਦੇ ਤਜ਼ਰਬੇ ਵਾਲੇ ਦੀਪ ਭਾਟੀਆ 22 ਅਗਸਤ ਨੂੰ ਆਪਣੀ ਵਰਕਸ਼ਾਪ ਵਿੱਚ ਗਲਾਸਵੇਅਰ ਫੋਟੋਗ੍ਰਾਫੀ 'ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ, Godox ਅਤੇ Futech ਵਰਗੀਆਂ ਕੰਪਨੀਆਂ ਪ੍ਰਦਰਸ਼ਨੀ ਦੌਰਾਨ ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦੇਣਗੀਆਂ। ਸਾਰੀਆਂ ਵਰਕਸ਼ਾਪਾਂ ਦਾ ਸਮਾਂ ਦੁਪਹਿਰ 2:30 ਵਜੇ ਹੋਵੇਗਾ।
ਮੈਂਬਰਸ਼ਿਪ ਡਰਾਈਵ:
ਟਰਾਈਸਿਟੀ ਦੇ ਆਮ ਲੋਕਾਂ ਅਤੇ ਵਿਦਿਆਰਥੀਆਂ ਵਿੱਚ ਫੋਟੋਗ੍ਰਾਫੀ ਪ੍ਰਤੀ ਵੱਧ ਰਹੀ ਦਿਲਚਸਪੀ ਨੂੰ ਦੇਖਦੇ ਹੋਏ TPAS ਨੇ ਪ੍ਰਦਰਸ਼ਨੀ ਦੌਰਾਨ ਵਿਸ਼ੇਸ਼ ਮੈਂਬਰਸ਼ਿਪ ਛੋਟ ਦਾ ਐਲਾਨ ਕੀਤਾ ਹੈ। ਇਸ ਤਹਿਤ ਆਰਟ ਫੋਟੋਗ੍ਰਾਫੀ ਵਿੱਚ ਦਿਲਚਸਪੀ ਰੱਖਣ ਵਾਲਾ ਵਿਅਕਤੀ 1999 ਰੁਪਏ ਵਿੱਚ ਸਾਲਾਨਾ ਮੈਂਬਰਸ਼ਿਪ ਲੈ ਸਕਦਾ ਹੈ, ਜਦਕਿ ਵਿਦਿਆਰਥੀਆਂ ਲਈ ਇਹ ਫੀਸ 999 ਰੁਪਏ ਰੱਖੀ ਗਈ ਹੈ। ਫੋਟੋ ਪ੍ਰਦਰਸ਼ਨੀ ਸਵੇਰੇ 11:00 ਵਜੇ ਤੋਂ ਸ਼ਾਮ 7:00 ਵਜੇ ਤੱਕ ਬਿਲਕੁਲ ਮੁਫ਼ਤ ਖੁੱਲ੍ਹੀ ਰਹੇਗੀ।
- Download Babushahi App
-
-