ਮਿਸਲ ਸਤਲੁਜ ਨੂੰ ਮਹਿਲਾ ਵਰਗ ਵੱਲੋਂ ਭਰਵਾਂ ਹੁੰਗਾਰਾ, ਤਿੰਨ ਮਹਿਲਾ ਆਗੂ ਜੱਥੇਬੰਦੀ ਵਿੱਚ ਸ਼ਾਮਲ
ਫਿਰੋਜ਼ਪੁਰ 13 ਅਗਸਤ, 2026- ਪੰਜਾਬ-ਪ੍ਰਸਤ ਰਾਜਨੀਤੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਹੱਕਾਂ, ਹਿੱਤਾਂ ਤੇ ਭਵਿੱਖ ਲਈ ਲੋਕਾਂ ਨੂੰ ਇੱਕ ਮੰਚ ’ਤੇ ਲਾਮਬੰਦ ਕਰਨ ਲਈ ਸਰਗਰਮ ਮਿਸਲ ਸਤਲੁਜ ਨੂੰ ਫਿਰੋਜ਼ਪੁਰ ਵਿੱਚ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਮਿਸਲ ਸਤਲੁਜ ਦੀ ਫਿਰੋਜ਼ਪੁਰ ਇਕਾਈ ਦੀ ਪ੍ਰਧਾਨ ਐਡਵੋਕੇਟ ਕੁਲਵਿੰਦਰ ਕੌਰ ਦੇ ਉਦਮ ਸਦਕਾ ਐਡਵੋਕੇਟ ਪ੍ਰਭਜੀਤ ਕੌਰ, ਐਡਵੋਕੇਟ ਅਨਮੋਲ ਖੁਰਾਣਾ ਅਤੇ ਸੁਖਮਨਪ੍ਰੀਤ ਕੌਰ ਨੇ ਜੱਥੇਬੰਦੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਮਾਨ ਸਿੰਘ ਕਿਲੀ ਨੇ ਨਵੀਆਂ ਸ਼ਾਮਲ ਹੋਈਆਂ ਮਹਿਲਾ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਮਹਿਲਾਵਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਮਹਿਲਾ ਵਰਗ ਦੀ ਸਰਗਰਮ ਸ਼ਮੂਲੀਅਤ ਨਾਲ ਜੱਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ ਅਤੇ ਪੰਜਾਬ ਦੇ ਲੋਕ-ਮੁੱਦਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇਗਾ।
ਇਸ ਮੌਕੇ ਮਿਸਲ ਸਤਲੁਜ ਦੇ ਆਗੂ ਦਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮਹਿਲਾ ਵਰਗ ਵੱਲੋਂ ਮਿਸਲ ਸਤਲੁਜ ਨਾਲ ਜੁੜਨਾ ਪੰਜਾਬ-ਪ੍ਰਸਤ ਰਾਜਨੀਤੀ ਲਈ ਇੱਕ ਮਹੱਤਵਪੂਰਨ ਅਤੇ ਉਤਸ਼ਾਹਜਨਕ ਸੰਕੇਤ ਹੈ।
ਦਵਿੰਦਰ ਸਿੰਘ ਸੇਖੋਂ ਨੇ ਕਿਹਾ, “ਮਿਸਲ ਸਤਲੁਜ ਦਾ ਮਕਸਦ ਕਿਸੇ ਇੱਕ ਵਰਗ ਜਾਂ ਖੇਤਰ ਤੱਕ ਸੀਮਤ ਨਹੀਂ, ਸਗੋਂ ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਹੈ। ਮਹਿਲਾਵਾਂ ਦੀ ਵਧ ਰਹੀ ਸ਼ਮੂਲੀਅਤ ਸਾਡੀ ਸੋਚ ਅਤੇ ਜੱਥੇਬੰਦਕ ਮੁਹਿੰਮ ਵਿੱਚ ਲੋਕਾਂ ਦੇ ਵਧਦੇ ਭਰੋਸੇ ਦਾ ਪ੍ਰਤੀਕ ਹੈ। ਅੱਜ ਐਡਵੋਕੇਟ ਪ੍ਰਭਜੀਤ ਕੌਰ, ਐਡਵੋਕੇਟ ਅਨਮੋਲ ਖੁਰਾਣਾ ਅਤੇ ਸੁਖਮਨਪ੍ਰੀਤ ਕੌਰ ਦਾ ਮਿਸਲ ਸਤਲੁਜ ਨਾਲ ਜੁੜਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਦੀਆਂ ਧੀਆਂ ਵੀ ਪੰਜਾਬ ਦੇ ਭਵਿੱਖ ਦੀ ਲੜਾਈ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਅੱਗੇ ਆ ਰਹੀਆਂ ਹਨ। ਅਸੀਂ ਹਰ ਉਸ ਵਿਅਕਤੀ ਦਾ ਸਵਾਗਤ ਕਰਦੇ ਹਾਂ ਜੋ ਪੰਜਾਬ ਦੀ ਤਰੱਕੀ, ਖੁਸ਼ਹਾਲੀ, ਹੱਕਾਂ ਅਤੇ ਸਵੈ-ਮਾਣ ਲਈ ਇਮਾਨਦਾਰੀ ਨਾਲ ਯੋਗਦਾਨ ਪਾਉਣਾ ਚਾਹੁੰਦਾ ਹੈ।”
ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਰ ਵਰਗ, ਖਾਸ ਕਰਕੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਜੱਥੇਬੰਦੀ ਨਾਲ ਜੋੜ ਕੇ ਇੱਕ ਮਜ਼ਬੂਤ ਲੋਕ-ਲਹਿਰ ਖੜ੍ਹੀ ਕਰਨ ਲਈ ਯਤਨ ਜਾਰੀ ਰੱਖੇਗੀ। ਇਸ ਮੌਕੇ ਕਿਰਨਦੀਪ ਸਿੰਘ ਦੀਪ, ਗੁਰਲਾਲ ਸਿੰਘ, ਰਣਜੀਤ ਸਿੰਘ ਲਾਡੀ, ਤਵਿੰਦਰ ਸਿੰਘ ਅਤੇ ਧਰਮਿੰਦਰ ਕੁਮਾਰ ਵੀ ਹਾਜ਼ਰ ਸਨ।
- Download Babushahi App
-
-