ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਰਾਸ਼ਟਰੀ ਮਹੱਤਤਾ ਵਾਲੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਦਿੱਤੇ ਦਿਸ਼ਾ-ਨਿਰਦੇਸ਼
ਰੋਹਿਤ ਗੁਪਤਾ
ਗੁਰਦਾਸਪੁਰ, 11 ਅਗਸਤ
ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਆਦਿਤਿਆ ਉੱਪਲ ਵੱਲੋਂ 15 ਅਗਸਤ ਨੂੰ
ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅੱਜ ਲੈਫ. ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਗੁਰਦਾਸਪੁਰ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ, ਮੈਡਮ ਅਦੀਬਾ ਅਨਮ ਅਸ਼ਫਾਕ ਅਹਿਮਦ, ਆਈ ਏ ਐੱਸ, ਅੰਡਰ ਟਰੇਨਿੰਗ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਪ੍ਰੀਤ ਸਿੰਘ ਗਿੱਲ, ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ), ਜੁਗਰਾਜ ਸਿੰਘ ਐੱਸ ਪੀ (ਐੱਚ) ਗੁਰਦਾਸਪੁਰ, ਅਸ਼ੋਕ ਕੁਮਾਰ ਐੱਸ ਡੀ ਐੱਮ ਗੁਰਦਾਸਪੁਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਕਿਹਾ ਕਿ ਜ਼ਿਲ੍ਹਾ ਪੱਧਰ ਦਾ ਆਜ਼ਾਦੀ ਦਿਵਸ ਸਮਾਰੋਹ ਹਰ ਸਾਲ ਦੀ ਤਰਾਂ ਇਸ ਵਾਰ ਵੀ ਪੂਰੇ ਉਤਸ਼ਾਹ ਨਾਲ ਲੈਫ. ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਗੁਰਦਾਸਪੁਰ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਹਨਾਂ ਅੱਗੇ ਕਿਹਾ ਕਿ ਸਮੂਹ ਅਧਿਕਾਰੀ ਤੇ ਕਰਮਚਾਰੀ ਰਾਸ਼ਟਰੀ ਮਹੱਤਤਾ ਵਾਲੇ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਉਣ।
ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਸਟੇਡੀਅਮ ਦੀ ਸਾਫ-ਸਫਾਈ, ਸਜਾਵਟ, ਬੈਠਣ ਦੇ ਪ੍ਰਬੰਧ, ਪੀਣ ਵਾਲਾ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਬ੍ਰਿਗੇਡ, ਆਰਜ਼ੀ ਪਖਾਨੇ ਆਦਿ ਸਮੇਤ ਸਮੁੱਚੇ ਇੰਤਜ਼ਾਮ ਸਮੇਂ ਸਿਰ ਮੁਕੰਮਲ ਹੋਣੇ ਚਾਹੀਦੇ ਹਨ, ਜਿਸ ਦੇ ਲਈ ਸੀਨੀਅਰ ਅਧਿਕਾਰੀ ਖੁਦ ਇੰਤਜ਼ਾਮਾਂ ਦੀ ਨਿਗਰਾਨੀ ਯਕੀਨੀ ਬਣਾਉਣ। ਉਨ੍ਹਾਂ ਸਿਹਤ ਵਿਭਾਗ ਨੂੰ ਸਮਾਗਮ ਵਾਲੇ ਸਮਾਗਮ ਵਾਲੇ ਦਿਨ ਅਤੇ ਰਿਹਰਸਲਾਂ ਦੌਰਾਨ ਮੈਡੀਕਲ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਵੀ ਦਿੱਤੇ।ਮੀਟਿੰਗ ਦੌਰਾਨ ਬੱਚਿਆਂ ਲਈ ਰਿਫ੍ਰੈਸ਼ਮੈਂਟ ਦੇ ਪ੍ਰਬੰਧਾਂ ਸਬੰਧੀ ਵੀ ਸਬੰਧਿਤ ਅਧਿਕਾਰੀਆਂ ਨੂੂੰ ਆਦੇਸ਼ ਦਿੱਤੇ ਗਏ।
ਇਸ ਦੌਰਾਨ ਉਹਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਟੇਡੀਅਮ ਦੇ ਨਾਲ-ਨਾਲ ਸਾਰੇ ਸ਼ਹਿਰ ਦੀ ਸਫ਼ਾਈ ਕਰਵਾਉਣ ਤੇ ਸਵਾਗਤੀ ਗੇਟ ਬਣਾਏ ਜਾਣ ਅਤੇ ਸ਼ਹਿਰ ਦੇ ਚੌਂਕਾਂ ਦੀ ਵਿਸ਼ੇਸ਼ ਸਜਾਵਟ ਕੀਤੀ ਜਾਵੇ।ਉਹਨਾਂ ਪੁਲਿਸ ਵਿਭਾਗ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਅਤੇ ਸਮਾਗਮ ਤੋਂ ਪਹਿਲਾਂ ਤੇ ਬਾਅਦ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਢੁੱਕਵੇਂ ਬੰਦੋਬਸਤ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਉਨਾਂ ਦੱਸਿਆ ਕਿ ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਉਹਨਾਂ ਦੇ ਵਾਰਸਾਂ, ਜ਼ਿਲੇ ਦੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਤੋਂ ਇਲਾਵਾ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 15 ਅਗਸਤ ਨੂੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਮੌਕੇ ਸਕੂਲੀ ਬੱਚਿਆਂ ਵੱਲੋਂ ਦੇਸ਼-ਭਗਤੀ ਨਾਲ ਭਰਪੂਰ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ, ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼, ਐੱਨ. ਸੀ. ਸੀ. ਕੈਡਿਟਜ਼ ਅਤੇ ਸਕਾਊਟਸ ਤੇ ਗਰਲ ਗਾਈਡਜ਼ ਵੱਲੋਂ ਮਾਰਚ ਪਾਸਟ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਕੂਲੀ ਬੱਚਿਆਂ ਦਾ ਪੀ. ਟੀ. ਸ਼ੋਅ ਵੀ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਫੁੱਲ ਡਰੈਸ ਰਿਹਰਸਲ 13 ਅਗਸਤ ਨੂੰ ਸਵੇਰੇ 9 ਵਜੇ ਕਰਵਾਈ ਜਾਵੇਗੀ।
ਮੀਟਿੰਗ ਵਿਚ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਜੋਬਨਜੀਤ ਕੌਰ ਆਰ.ਟੀ.ਏ, ਗੁਰਦਾਸਪੁਰ, ਡੀ ਐੱਸ ਪੀ ਸ਼ਾਹਬਾਜ ਸਿੰਘ, ਹਰਪ੍ਰੀਤ ਸਿੰਘ ਡੀ.ਡੀ.ਪੀ.ਓ, ਡਾ.ਰਮੇਸ਼ ਅੱਤਰੀ ਡੀ ਐੱਮ ਸੀ, ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸ), ਪਿ੍ੰਸੀਪਲ ਪ੍ਰੋਫੈਸਰ ਅਸ਼ਵਨੀ ਭੱਲਾ, ਪਰਮਿੰਦਰ ਸਿੰਘ ਸੈਣੀ ਪ੍ਰੋਗਰਾਮ ਅਫਸਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਰਾਜੀਵ ਕੁਮਾਰ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸੁਪਰਡੈਂਟ ਵਿਜੇ ਕੁਮਾਰ, ਵਿਨੋਦ ਭਾਟੀਆ, ਸਰਬਜੀਤ ਸਿੰਘ ਮੱਲੀ, ਸਰਬਜੀਤ ਮੁਲਤਾਨੀ, ਮੁਲਖ ਰਾਜ ਆਦਿ ਹਾਜਰ ਸਨ।
- Download Babushahi App
-
-