ਦਾਤਰ ਨਾਲ ਹਮਲਾ ਕਰਕੇ ਮੋਟਰਸਾਈਕਲ ਤੇ ਨਕਦੀ ਲੁੱਟਣ ਵਾਲੇ ਤਿੰਨ ਨੌਜਵਾਨ ਕਾਬੂ
ਥਾਣਾ ਘੁੰਮਣ ਕਲਾਂ ਪੁਲਿਸ ਨੇ ਖੋਹਿਆ ਮੋਟਰਸਾਈਕਲ ਮੋਬਾਈਲ ਫੋਨ ਤੇ ਪਰਸ ਕੀਤਾ ਬਰਾਮਦ ਇੱਕ ਮੁਲਜ਼ਮ ਦੀ ਭਾਲ ਜਾਰੀ।
ਰੋਹਿਤ ਗੁਪਤਾ
ਗੁਰਦਾਸਪੁਰ , 11ਅਗਸਤ 2026 :
ਥਾਣਾ ਘੁੰਮਣ ਕਲਾਂ ਪੁਲਿਸ ਨੇ ਪਿੰਡ ਭੰਡਾਲ ਨੇੜੇ ਇੱਕ ਵਿਅਕਤੀ ’ਤੇ ਦਾਤਰ ਨਾਲ ਹਮਲਾ ਕਰਕੇ ਉਸਦਾ ਮੋਟਰਸਾਈਕਲ, ਨਕਦੀ ਅਤੇ ਹੋਰ ਸਾਮਾਨ ਖੋਹਣ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਥਾਣਾ ਘੁੰਮਣ ਕਲਾਂ ਦੇ ਐਸ.ਐਚ.ਓ. ਸ੍ਰੀ ਪਲਵਿੰਦਰ ਸਿੰਘ ਵੱਲੋਂ ਦਿੱਤੀ ਗਈ।ਪੁਲਿਸ ਅਨੁਸਾਰ 6 ਅਗਸਤ 2026 ਨੂੰ ਦੁਪਹਿਰ ਕਰੀਬ 3:30 ਵਜੇ ਅਰਜਿੰਦਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ, ਵਾਸੀ ਅੱਪਰ ਕਲੇਰਕੋਟ, ਆਪਣੇ ਮੋਟਰਸਾਈਕਲ ’ਤੇ ਪਿੰਡ ਤੋਂ ਧਿਆਨਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਭੰਡਾਲ ਦੀਆਂ ਮੜ੍ਹੀਆਂ ਨੇੜੇ ਪਹੁੰਚਿਆ ਤਾਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਦਾ ਰਸਤਾ ਰੋਕ ਲਿਆ।ਪੁਲਿਸ ਮੁਤਾਬਕ ਮੁਲਜ਼ਮਾਂ ਨੇ ਅਰਜਿੰਦਰਪਾਲ ਸਿੰਘ ਦੇ ਗੁੱਟ ’ਤੇ ਦਾਤਰ ਨਾਲ ਵਾਰ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸਦੀ ਜੇਬ ਵਿੱਚੋਂ ਪਰਸ, 4,200 ਰੁਪਏ ਦੀ ਨਕਦੀ, ਏ.ਟੀ.ਐਮ. ਕਾਰਡ, ਆਧਾਰ ਕਾਰਡ ਅਤੇ ਪੈਨ ਕਾਰਡ ਸਮੇਤ ਉਸਦਾ ਮੋਟਰਸਾਈਕਲ ਖੋਹ ਲਿਆ।
ਘਟਨਾ ਸਬੰਧੀ ਥਾਣਾ ਘੁੰਮਣ ਕਲਾਂ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 71, ਮਿਤੀ 08-08-2026 ਦਰਜ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਪਾਸੋਂ ਲੁੱਟਿਆ ਗਿਆ ਮੋਟਰਸਾਈਕਲ, ਮੋਬਾਈਲ ਫੋਨ ਅਤੇ ਪਰਸ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮਾਮਲੇ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਕਰਨ ਫਰਾਰ ਹੈ। ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਐਸ.ਐਚ.ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ ਲਗਭਗ 16 ਤੋਂ 19 ਸਾਲ ਦੇ ਵਿਚਕਾਰ ਹੈ।ਅਤੇ ਪੁਲਿਸ ਜਾਂਚ ਦੌਰਾਨ ਉਨ੍ਹਾਂ ਦੇ ਨਸ਼ੇ ਕਰਨ ਦੇ ਆਦੀ ਹੋਣ ਦੀ ਗੱਲ ਸਾਹਮਣੇ ਆਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।ਅਤੇ ਫਰਾਰ ਮੁਲਜ਼ਮ ਨੂੰ ਵੀ ਜਲਦ ਕਾਬੂ ਕਰਨ ਲਈ ਟੀਮਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
- Download Babushahi App
-
-