*ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰਬ੍ਰਿਜ ਨੰਬਰ 47 ਤੇ 48 'ਤੇ ਕਵਰ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ*
*ਸੰਤ ਸੀਚੇਵਾਲ ਵੱਲੋਂ ਰਾਜ ਸਭਾ ਵਿੱਚ ਉਠਾਏ ਗਿਆ ਸੀ ਮੁੱਦਾ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 3 ਅਗਸਤ,
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰਬ੍ਰਿਜਾਂ 'ਤੇ ਛੱਤਾਂ ਨਾ ਹੋਣ ਕਾਰਣ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮਾਮਲਾ ਸੰਸਦ ਵਿੱਚ ਉਠਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਦਿਸ਼ਾ ਵਿੱਚ ਅਹਿਮ ਕਦਮ ਚੁੱਕਿਆ ਹੈ। ਰੇਲਵੇ ਮੰਤਰਾਲੇ ਨੇ ਰਾਜ ਸਭਾ ਵਿੱਚ ਦਿੱਤੇ ਆਪਣੇ ਲਿਖਤੀ ਜਵਾਬ ਵਿੱਚ ਸਪੱਸ਼ਟ ਕੀਤਾ ਹੈ ਕਿ ਇੱਥੇ ਸ਼ੈਡ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰਬ੍ਰਿਜ ਨੰਬਰ 47 ਅਤੇ 48 'ਤੇ (ਜਲੰਧਰ-ਸੁਲਤਾਨਪੁਰ ਲੋਧੀ-ਲੋਹੀਆਂ ਲਾਇਨ) ਕਵਰ ਸ਼ੈੱਡ (ਛੱਤਾਂ) ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਪੁੱਛੇ ਆਪਣੇ ਸਵਾਲ ਰਾਹੀਂ ਸਰਕਾਰ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਖਿੱਚਿਆ ਸੀ ਕਿ ਇਨ੍ਹਾਂ ਅੰਡਰਬ੍ਰਿਜਾਂ 'ਤੇ ਸੁਰੱਖਿਆ ਲਈ ਛੱਤਾਂ ਨਾ ਹੋਣ ਕਾਰਨ ਮੀਂਹ, ਧੁੱਪ ਅਤੇ ਬਰਸਾਤਾਂ ਦੌਰਾਨ ਪੈਦਲ ਰਾਹਗੀਰਾਂ, ਆਉਣ ਵਾਲੀਆਂ ਸੰਗਤਾਂ, ਵਿਿਦਆਰਥੀਆਂ, ਦੋਪਹੀਆ ਵਾਹਨ ਚਾਲਕਾਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਜਾਣਨਾ ਚਾਹਿਆ ਸੀ ਕਿ ਇਸ ਸਬੰਧੀ ਪ੍ਰਾਪਤ ਮੰਗਾਂ ਅਤੇ ਸਰਕਾਰ ਵੱਲੋਂ ਕੀਤੀ ਕਾਰਵਾਈ ਕੀ ਹੈ।
ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਰੋਡ ਅੰਡਰਬ੍ਰਿਜਾਂ ਵਿੱਚ ਪਾਣੀ ਖੜ੍ਹਨ ਅਤੇ ਆਵਾਜਾਈ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਡਰੇਨੇਜ ਪ੍ਰਬੰਧ, ਪਾਣੀ ਦੀ ਨਿਕਾਸੀ, ਪੰਪਿੰਗ ਸਿਸਟਮ ਅਤੇ ਲੋੜ ਅਨੁਸਾਰ ਕਵਰ ਸ਼ੈੱਡ ਵਰਗੇ ਉਪਾਅ ਕੀਤੇ ਜਾਂਦੇ ਹਨ। ਇਨ੍ਹਾਂ ਹੀ ਉਪਾਵਾਂ ਤਹਿਤ ਸੁਲਤਾਨਪੁਰ ਲੋਧੀ ਦੇ ਅੰਡਰਬ੍ਰਿਜ ਨੰਬਰ 47 ਅਤੇ 48 'ਤੇ ਵੀ ਕਵਰ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸੰਤ ਸੀਚੇਵਾਲ ਨੇ ਆਸ ਪ੍ਰਗਟਾਈ ਕਿ ਰੇਲਵੇ ਵਿਭਾਗ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਇਲਾਕਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਤੋਂ ਰਾਹਤ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਇਹ ਮੁੱਦਾ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਰਿਹਾ ਹੈ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਹੁਣ ਰੇਲ ਮੰਤਰਾਲੇ ਵੱਲੋਂ ਕੰਮ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
*ਬਾਕਸ ਆਈਟਮ : 2019 ਤੋਂ ਲੋਕਾਂ ਵਲੋਂ ਕੀਤੀ ਜਾ ਰਹੀ ਸੀ ਮੰਗ*
ਜ਼ਿਕਰਯੋਗ ਹੈ ਸੁਲਤਾਨਪੁਰ ਲੋਧੀ ਦੇ ਅੰਡਰ ਬ੍ਰਿਜਾਂ 'ਤੇ ਕਵਰ ਸ਼ੈੱਡ ਬਣਾਉਣ ਦੀ ਮੰਗ ਇਲਾਕੇ ਦੇ ਲੋਕ ਸਾਲ 2019 ਤੋਂ ਲਗਾਤਾਰ ਕਰ ਰਹੇ ਸਨ, ਜਿਸ ਸਬੰਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੇਂਦਰੀ ਰੇਲਵੇ ਮੰਤਰੀ ਨੂੰ ਵੀ ਪੱਤਰ ਵੀ ਲਿਖੇ ਗਏ ਸੀ। ਉਨ੍ਹਾਂ ਕਿਹਾ ਕਿ ਇਹ ਅੰਡਰ ਬ੍ਰਿਜ ਪੇਂਡੂ ਇਲਾਕਿਆਂ ਨੂੰ ਧਾਰਮਿਕ ਨਗਰੀ ਸੁਲਤਾਨਪੁਰ ਲੋਧੀ ਨਾਲ ਜੋੜਨ ਵਾਲਾ ਮੁੱਖ ਰਸਤੇ ਹਨ। ਬਰਸਾਤ ਦੌਰਾਨ ਪਾਣੀ ਭਰਨ ਕਾਰਨ ਆਵਾਜਾਈ ਕਈ ਦਿਨਾਂ ਤੱਕ ਠੱਪ ਹੋ ਜਾਂਦੀ ਸੀ, ਲੋਕਾਂ ਨੂੰ ਲੰਮੇ ਚੱਕਰ ਲਗਾਉਣੇ ਪੈਂਦੇ ਸਨ। ਕਈ ਵਾਰ ਪਿੰਡਾਂ ਦਾ ਸ਼ਹਿਰ ਨਾਲ ਸੰਪਰਕ ਵੀ ਟੁੱਟ ਜਾਂਦਾ ਸੀ ਅਤੇ ਕਈ ਵਾਰ ਹਾਦਸੇ ਵੀ ਵਾਪਸ ਚੁੱਕੇ ਸਨ।
- Download Babushahi App
-
-